ਬੰਗਲਾਦੇਸ਼ ਦੇ ਹਿੱਤਾਂ ਵਿਰੁੱਧ ਆਪਣੀ ਧਰਤੀ ਦੀ ਵਰਤੋਂ ਨਹੀਂ ਹੋਣ ਦਿੱਤੀ: ਭਾਰਤ
ਭਾਰਤ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਉਸ ਨੇ ਕਦੇ ਵੀ ਆਪਣੇ ਖੇਤਰ ਨੂੰ ਬੰਗਲਾਦੇਸ਼ ਦੇ ਹਿੱਤਾਂ ਵਿਰੁੱਧ ਗਤੀਵਿਧੀਆਂ ਲਈ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਨਾ ਹੀ ਉਸ ਦੇਸ਼ ਵਿੱਚ ਆਉਣ ਵਾਲੀਆਂ ਸੰਸਦੀ ਚੋਣਾਂ ਸਬੰਧੀ ਕੋਈ ਦਬਾਅ ਬਣਾਇਆ ਹੈ।
ਭਾਰਤ ਦੀ ਪ੍ਰਤੀਕਿਰਿਆ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਵੱਲੋਂ ਢਾਕਾ ਵਿੱਚ ਭਾਰਤੀ ਰਾਜਦੂਤ ਪ੍ਰਣਯ ਵਰਮਾ ਨੂੰ ਤਲਬ ਕਰਨ ਅਤੇ ਭਾਰਤੀ ਧਰਤੀ ਤੋਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਭੜਕਾਊ ਬਿਆਨਾਂ ’ਤੇ ਚਿੰਤਾ ਪ੍ਰਗਟ ਕਰਨ ਤੋਂ ਕੁਝ ਘੰਟਿਆਂ ਬਾਅਦ ਆਈ ਹੈ।
ਢਾਕਾ ਨੇ ਬਿਆਨ ਜਾਰੀ ਕੀਤਾ ਸੀ ਕਿ ਵਿਦੇਸ਼ ਮੰਤਰਾਲੇ ਨੇ ਭਾਰਤ ਵਿੱਚ ਰਹਿੰਦਿਆਂ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਦੇ ਕੁਝ ਮੈਂਬਰਾਂ ਦੀਆਂ ਗਤੀਵਿਧੀਆਂ ਨੂੰ ਵੀ ਭਾਰਤੀ ਰਾਜਦੂਤ ਦੇ ਧਿਆਨ ਵਿੱਚ ਲਿਆਂਦਾ।
ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਕਿਹਾ ਕਿ ਭਾਰਤ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਸਪੱਸ਼ਟ ਤੌਰ ’ਤੇ ਰੱਦ ਕਰਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਬੰਗਲਾਦੇਸ਼ ਵਿੱਚ ਸ਼ਾਂਤੀਪੂਰਨ ਮਾਹੌਲ ਵਿੱਚ ਆਜ਼ਾਦ, ਨਿਰਪੱਖ ਅਤੇ ਭਰੋਸੇਯੋਗ ਚੋਣਾਂ ਦੇ ਹੱਕ ਵਿੱਚ ਆਪਣੀ ਸਥਿਤੀ ਨੂੰ ਲਗਾਤਾਰ ਦੁਹਰਾਇਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਕਦੇ ਵੀ ਆਪਣੇ ਖੇਤਰ ਨੂੰ ਬੰਗਲਾਦੇਸ਼ ਦੇ ਲੋਕਾਂ ਦੇ ਹਿੱਤਾਂ ਵਿਰੁੱਧ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ।
