ਸਰਕਾਰ ਨੂੰ ਪਰਵਾਸੀ ਕੱਢਣ ਦੀ ਜਲਦੀ ਕਿਉਂ: ਸਾਗਰਿਕਾ ਘੋਸ਼
ਰਾਸ਼ਟਰੀ ਗੀਤ ਵੰਦੇ ਮਾਤਰਮ ਨੂੰ ਬਣਦਾ ਸਨਮਾਨ ਨਹੀਂ ਮਿਲਿਆ: ਨੱਢਾ / ਹਵਾ ਗੁਣਵੱਤਾ ਸੁਧਰਨ ਤੱਕ ਸੈਸ਼ਨ ਦਿੱਲੀ ਤੋਂ ਬਾਹਰ ਕਰਵਾੳੁਣ ਦੀ ਮੰਗ
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਰਾਜ ਸਭਾ ’ਚ ਪੱਛਮੀ ਬੰਗਾਲ ਦੀਆਂ ਦੋ ਮਹਿਲਾ ਪਰਵਾਸੀ ਮਜ਼ਦੂਰਾਂ ਨੂੰ ਬੰਗਲਾਦੇਸ਼ ਭੇਜੇ ਜਾਣ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਸਰਕਾਰ ਨੂੰ ਇੰਨੀ ਜਲਦੀ ਕਿਉਂ ਹੈ।
ਸਿਫਰ ਕਾਲ ਦੌਰਾਨ ਉਨ੍ਹਾਂ ਕਿਹਾ ਕਿ 21 ਜੂਨ ਨੂੰ 26 ਸਾਲਾ ਗਰਭਵਤੀ ਸੋਨਾਲੀ ਖਾਤੂਨ ਨੂੰ ਉਸ ਦੇ ਅੱਠ ਸਾਲਾ ਪੁੱਤਰ ਸਮੇਤ ਦਿੱਲੀ ਪੁਲੀਸ ਨੇ ਬੰਗਲਾਦੇਸ਼ ਭੇਜ ਦਿੱਤਾ। ਇਸੇ ਤਰ੍ਹਾਂ 32 ਸਾਲਾ ਸਵੀਟੀ ਅਤੇ ਉਸ ਦੇ ਪਰਿਵਾਰ ਨੂੰ ਵੀ 27 ਜੂਨ ਨੂੰ ਫੜ ਕੇ ਕੱਢ ਦਿੱਤਾ ਗਿਆ। ਇਸੇ ਤਰ੍ਹਾਂ ਉਪਰਲੇ ਸਦਨ ਦੇ ਨੇਤਾ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਕਿ ਰਾਸ਼ਟਰੀ ਗੀਤ ਵੰਦੇ ਮਾਤਰਮ ਨੂੰ ਉਹ ਸਨਮਾਨ ਤੇ ਸਥਾਨ ਨਹੀਂ ਮਿਲਿਆ ਜੋ ਉਸ ਨੂੰ ਮਿਲਣਾ ਚਾਹੀਦਾ ਸੀ ਤੇ ਦੇਸ਼ ਨੂੰ ਅਹਿਦ ਲੈਣਾ ਚਾਹੀਦਾ ਹੈ ਕਿ ਇਸ ਨੂੰ ਉਹੀ ਦਰਜਾ ਮਿਲੇ ਜੋ ਰਾਸ਼ਟਰ ਗਾਣ ਤੇ ਕੌਮੀ ਝੰਡੇ ਨੂੰ ਮਿਲਿਆ ਹੈ।
ਬੀ ਜੇ ਡੀ ਦੇ ਰਾਜ ਸਭਾ ਮੈਂਬਰ ਮਾਨਸ ਰੰਜਨ ਮੰਗਰਾਜ ਨੇ ਸਰਕਾਰ ਤੋਂ ਮੰਗ ਕੀਤੀ ਕਿ ਦਿੱਲੀ ’ਚ ਹਵਾ ਗੁਣਵੱਤਾ ਸੁਧਰਨ ਤੱਕ ਸੰਸਦ ਦਾ ਸਰਦ ਰੁੱਤ ਸੈਸ਼ਨ ਤੇ ਬਜਟ ਸੈਸ਼ਨ ਕੌਮੀ ਰਾਜਧਾਨੀ ਤੋਂ ਬਾਹਰ ਕਰਵਾਏ ਜਾਣ। ਵਾਤਾਵਰਨ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਭਾਰਤ ਆਲਮੀ ਜਲਵਾਯੂ ਜੋਖ਼ਮ ਸੂਚਕਅੰਕ ’ਚ ਨੌਵੇਂ ਸਥਾਨ ’ਤੇ ਹੈ ਪਰ ਉਹ ਘਰੇਲੂ ਨੀਤੀ ਨਿਰਮਾਣ ਦੇ ਆਧਾਰ ’ਤੇ ਕਿਸੇ ਵੀ ਬਾਹਰੀ ਰੈਂਕਿੰਗ ਨੂੰ ਮਾਨਤਾ ਨਹੀਂ ਦਿੰਦਾ।

