‘ਆਪ’ ਨੂੰ ਯਮੁਨਾ ਘਾਟਾਂ ’ਤੇ ਸਫ਼ਾਈ ਪ੍ਰਬੰਧਾਂ ਤੋਂ ਇਤਰਾਜ਼ ਕਿਉਂ: ਭਾਜਪਾ
w ਕੇਜਰੀਵਾਲ ਦੀ ਸਰਕਾਰ ਨੇ ਬਿਹਾਰ ਦੇ ਲੋਕਾਂ ਵਿਰੁੱਧ ਰੰਜਿਸ਼ ਰੱਖੀ: ਵਰਿੰਦਰ ਸਚਦੇਵਾ
ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਸੀ ਤਾਂ ਇਹ ਸਿਹਤ, ਸਿੱਖਿਆ ਤੇ ਵਿਕਾਸ ਦੇ ਆਪਣੇ ਮਾਡਲਾਂ ਦਾ ਪ੍ਰਚਾਰ ਕਰਦੀ ਕਦੇ ਥੱਕਦੀ ਨਹੀਂ ਸੀ। ਹਾਲਾਂਕਿ ਅੱਜ ਦਿੱਲੀ ਤੇ ਦੇਸ਼ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਰਾਜਨੀਤਿਕ ਨਿਰਾਸ਼ਾ ਦੇਖੀ, ਜਿਸ ਨਾਲ ਦਿੱਲੀ ਦੇ ਪੂਰੇ ਪੂਰਵਾਂਚਲ ਭਾਈਚਾਰੇ ਨੂੰ ਹੈਰਾਨੀ ਹੋਈ ਕਿ ‘ਆਪ’ ਨੂੰ ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਯਮੁਨਾ ਦੇ ਕੰਢੇ ਛੱਠ ਪੂਜਾ ਘਾਟਾਂ ’ਤੇ ਕੀਤੇ ਜਾ ਰਹੇ ਵਿਕਾਸ ਅਤੇ ਸਫ਼ਾਈ ਤੋਂ ਇੰਨਾ ਸਖ਼ਤ ਇਤਰਾਜ਼ ਕਿਉਂ ਹੈ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਪਿਛਲੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਬਿਹਾਰ ਦੇ ਲੋਕਾਂ ਵਿਰੁੱਧ ਸਿਆਸੀ ਰੰਜਿਸ਼ ਰੱਖੀ ਤੇ ਨਤੀਜੇ ਵਜੋਂ ਕੇਜਰੀਵਾਲ ਨੇ ਬਿਨਾਂ ਕਿਸੇ ਲਿਖਤੀ ਨਿਆਂਇਕ ਜਾਂ ਪ੍ਰਸ਼ਾਸਨਿਕ ਇਤਰਾਜ਼ ਦੇ 2018 ਤੋਂ 2024 ਤੱਕ ਯਮੁਨਾ ਦੇ ਕੰਢੇ ਛੱਠ ਪੂਜਾ ’ਤੇ ਪਾਬੰਦੀ ਲਗਾ ਦਿੱਤੀ। ਅੱਜ ਜਦੋਂ ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਰੇਖਾ ਗੁਪਤਾ ਸਰਕਾਰ ਨੇ ਸਿਰਫ਼ ਅੱਠ ਮਹੀਨਿਆਂ ਵਿੱਚ ਯਮੁਨਾ ਦੀ ਮੁੱਢਲੀ ਸਫਾਈ ਪੂਰੀ ਕਰ ਲਈ ਹੈ ਤੇ ਛੱਠ ਸ਼ਰਧਾਲੂਆਂ ਲਈ ਕੁਦਰਤੀ ਘਾਟ ਦਿੱਤੇ ਹਨ, ਤਾਂ ਉਹ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਲੀਡਰਸ਼ਿਪ ਦੱਸੇ ਉਹ ਰੇਖਾ ਗੁਪਤਾ ਸਰਕਾਰ ਵੱਲੋਂ ਯਮੁਨਾ ਘਾਟਾਂ ’ਤੇ ਸਫਾਈ ਤੇ ਸਾਫ਼ ਪਾਣੀ ਯਕੀਨੀ ਬਣਾਉਣ ‘ਤੇ ਇਤਰਾਜ਼ ਕਿਉਂ ਕਰਦੇ ਹਨ।

