Weather Forecast:ਮੀਂਹ ਤੋਂ ਰਾਹਤ ਦੀ ਅਜੇ ਕੋਈ ਸੰਭਾਵਨਾ ਨਹੀਂ
ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਅੱਜ ਲਈ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਕਈ ਖੇਤਰਾਂ ’ਚ ਭਾਰੀ ਮੀਂਹ, ਬੱਦਲ ਗਰਜਣ ਨਾਲ ਕਣੀਆਂ ਪੈਣ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ।
ਉੱਤਰੀ ਗੁਜਰਾਤ ਅਤੇ ਉਸ ਨਾਲ ਲੱਗਣੇ ਦੱਖਣ-ਪੱਛਮੀ ਰਾਜਸਥਾਨ ’ਤੇ ਦਬਾਅ ਦੇ ਪ੍ਰਭਾਵ ਕਾਰਨ 8 ਸਤੰਬਰ ਤੱਕ ਰਾਜਸਥਾਨ ਅਤੇ ਗੁਜਰਾਤ ਸੂਬੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਰਾਜਸਥਾਨ ਅਤੇ ਦੱਖਣੀ ਗੁਜਰਾਤ ਵਿੱਚ ਵੱਖ ਵੱਖ ਥਾਵਾਂ ’ਤੇ ਦਰਮਿਆਨੇ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਵਿਭਾਗ ਮੁਤਾਬਕ ਮੱਧ ਰਾਜਸਥਾਨ ’ਤੇ ਬਣਿਆ ਘੱਟ ਦਬਾਅ ਵਾਲਾ ਖੇਤਰ ਲਗਭਗ ਪੱਛਮ ਵੱਲ ਵਧ ਗਿਆ ਹੈ, ਜੋ ਅੱਗੇ ਦੱਖਣ-ਪੱਛਮ ਵੱਲ ਵਧਿਆ ਅਤੇ ਅੱਜ ਭਾਰਤੀ ਸਮੇਂ ਅਨੁਸਾਰ ਸਵੇਰੇ 8.30 ਵਜੇ ਉੱਤਰੀ ਗੁਜਰਾਤ ਅਤੇ ਉਸ ਦੇ ਨਾਲ ਲੱਗਦੇ ਦੱਖਣ-ਪੱਛਮੀ ਰਾਜਸਥਾਨ ’ਤੇ ਕੇਂਦਰਿਤ ਹੋ ਗਿਆ ਹੈ। ਅਗਲੇ ਦੋ ਦਿਨਾਂ ਦੌਰਾਨ ਇਸ ਦੇ ਪੱਛਮ-ਦੱਖਣ-ਪੱਛਮ ਵੱਲ ਵਧਣ ਦੀ ਸੰਭਾਵਨਾ ਹੈ।
ਅੱਜ ਦੱਖਣੀ ਗੁਜਰਾਤ ਖੇਤਰ ਵਿੱਚ ਕੁੱਝ ਥਾਵਾਂ ’ਤੇ ਭਾਰੀ ਮੀਂਹ ਪਿਆ ਅਤੇ ਇਸੇ ਤਰ੍ਹਾਂ 8 ਸਤੰਬਰ ਨੂੰ ਵੀ ਸੂਬੇ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਹੈ।
ਅੱਜ ਜੰਮੂ ਡਿਵੀਜ਼ਨ, ਹਿਮਾਚਲ ਪ੍ਰਦੇਸ਼, ਪੰਜਾਬ, ਮੱਧ ਮਹਾਰਾਸ਼ਟਰ ਵਿੱਚ ਹਲਕੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 7, 8, 12 ਅਤੇ 13 ਤਰੀਕ ਨੂੰ ਉੱਤਰਾਖੰਡ ਵਿੱਚ, 12 ਅਤੇ 13 ਸਤੰਬਰ ਨੂੰ ਪੱਛਮੀ ਉੱਤਰ ਪ੍ਰਦੇਸ਼, 11 ਤੋਂ 13 ਤੱਕ ਪੂਰਬੀ ਉੱਤਰ ਪ੍ਰਦੇਸ਼ ਵਿੱਚ ਵੱਖ ਵੱਖ ਥਾਈਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।
8, 10 ਅਤੇ 14 ਸਤੰਬਰ ਨੂੰ ਉੜੀਸਾ ਦੇ ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ 11 ਤੇ 12 ਸਤੰਬਰ ਨੂੰ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ। 8 ਅਤੇ 13 ਤਰੀਕ ਨੂੰ ਪੂਰਬੀ ਮੱਧ ਪ੍ਰਦੇਸ਼, 10 ਤੋਂ 13 ਤਰੀਕ ਤੱਕ ਛੱਤੀਸਗੜ੍ਹ, 7 ਤੋਂ 13 ਤਰੀਕ ਦੌਰਾਨ ਉੱਤਰੀ ਹਿਮਾਲਿਆ ਪੱਛਮੀ ਬੰਗਾਲ, 9 ਤੋਂ 11 ਸਤੰਬਰ ਦਰਮਿਆਨ ਬਿਹਾਰ ਵਿੱਚ ਕਈ ਥਾਈਂ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। 10 ਅਤੇ 11 ਸਤੰਬਰ ਨੂੰ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ, 10 ਸਤੰਬਰ ਨੂੰ ਅਰੁਣਾਚਲ ਪ੍ਰਦੇਸ਼, ਅਸਾਮ ਤੇ ਮੇਘਾਲਿਆ, ਕਈ ਥਾਈਂ ਮੀਂਹ ਦੀ ਸੰਭਾਵਨਾ ਹੈ। 11 ਤੇ 13 ਸਤੰਬਰ ਦੌਰਾਨ ਅਸਾਮ ਤੇ ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ 12 ਤੇ 13 ਸਤੰਬਰ ਨੂੰ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ।