ਅਸੀਂ ਦਿਨ-ਰਾਤ ਕੰਮ ਕਰ ਕੇ ਚੋਣਾਂ ਜਿੱਤੇ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਉਹ ਬਿਹਾਰ ਵਿਚ ਚੋਣਾਂ ਤਾਂ ਜਿੱਤੇ ਕਿਉਂਕਿ ਉਨ੍ਹਾਂ ਦੀ ਸਰਕਾਰ ਨੇ ਦਿਨ ਰਾਤ ਕੰਮ ਕੀਤਾ ਤੇ ਲੋਕ ਆਪਣੇ ਖੇਤਰ ਦਾ ਵਿਕਾਸ ਚਾਹੁੰਦੇ ਹਨ, ਇਸ ਕਰ ਕੇ ਉਨ੍ਹਾਂ ਨੇ ਐਨਡੀਏ ਨੂੰ ਵੋਟਾਂ ਪਾਈਆਂ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਵਾਸੀਆਂ ਦਾ ਵਿਕਾਸ ਅਤੇ ਭਲਾਈ ਕਰਨ ਲਈ ਹਰ ਵੇਲੇ ਤਿਆਰ ਹਨ। ਪ੍ਰਧਾਨ ਮੰਤਰੀ ਮੋਦੀ ਨੇ ਰਾਮ ਨਾਥ ਗੋਇਨਕਾ ਭਾਸ਼ਣ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਪਾਰਟੀਆਂ ਅਤੇ ਆਗੂ ਸਮਾਜਿਕ ਨਿਆਂ ਦੇ ਨਾਮ ਤੇ ਸਿਰਫ਼ ਆਪਣੇ ਸਵਾਰਥ ਲਈ ਰਾਜਨੀਤੀ ਕਰਦੇ ਹਨ। ਸ੍ਰੀ ਮੋਦੀ ਨੇ ਕਿਹਾ, ‘ਮੈਂ ਸਾਰੇ ਰਾਜਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਬਿਹਾਰ ਦੇ ਨਤੀਜੇ ਸਾਨੂੰ ਦੱਸਦੇ ਹਨ ਕਿ ਲੋਕ ਕਿਸ ਤਰ੍ਹਾਂ ਦੀਆਂ ਸਰਕਾਰਾਂ ਚਾਹੁੰਦੇ ਹਨ, ਸਾਨੂੰ ਸਾਰਿਆਂ ਨੂੰ ਸਿਰਫ ਵਿਕਾਸ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਵਿਸ਼ਵਵਿਆਪੀ ਅਸਥਿਰਤਾ ਦੇ ਬਾਵਜੂਦ ਸਾਡੀ ਜੀਡੀਪੀ ਲਗਪਗ 7 ਫੀਸਦੀ ਦੀ ਦਰ ਨਾਲ ਵਧ ਰਹੀ ਹੈ। ਭਾਰਤ ਸਿਰਫ਼ ਇੱਕ ਉੱਭਰਦਾ ਬਾਜ਼ਾਰ ਹੀ ਨਹੀਂ ਸਗੋਂ ਇੱਕ ਉੱਭਰਦਾ ਮਾਡਲ ਵੀ ਹੈ। ਅੱਜ ਦਾ ਭਾਰਤ ਵਿਕਸਤ ਰਾਸ਼ਟਰ ਬਣਨ ਲਈ ਬੇਚੈਨ ਹੈ। ਸਾਡਾ ਭਾਰਤ ਵਿਸ਼ਵਵਿਆਪੀ ਚੁਣੌਤੀਆਂ ਦੇ ਬਾਵਜੂਦ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।’ ਸ੍ਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਵਿਦੇਸ਼ੀ ਰਾਏ, ਵਿਦੇਸ਼ੀ ਸਾਮਾਨ ਦਾ ਪ੍ਰਚਾਰ ਕੀਤਾ ਗਿਆ ਪਰ ਉਨ੍ਹਾਂ ਦੀ ਸਰਕਾਰ ਨੇ ਸਭ ਕੁਝ ਬਦਲ ਕੇ ਦੇਸ਼ ਦੇ ਸਾਮਾਨ ਨੂੰ ਉਤਸ਼ਾਹਿਤ ਕੀਤਾ। ਪੀਟੀਆਈ
