ਡੀ ਐੱਸ ਈ ਯੂ ਦੀਆਂ ਸਮੱਸਿਆਵਾਂ ਹੱਲ ਕਰਾਂਗੇ: ਸੂਦ
ਸਿੱਖਿਆ ਮੰਤਰੀ ਵੱਲੋਂ ਯੂਨੀਵਰਸਿਟੀ ਦੇ ਛੇਵੇਂ ਸਥਾਪਨਾ ਦਿਵਸ ਮੌਕੇ ਸਮਾਗਮ ’ਚ ਸ਼ਿਰਕਤ
ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਨੇ ਸਵੀਕਾਰ ਕੀਤਾ ਕਿ ਦਿੱਲੀ ਸਕਿਲ ਐਂਡ ਐਂਟਰਪ੍ਰਨਿਓਰਸ਼ਿਪ ਯੂਨੀਵਰਸਿਟੀ (ਡੀ ਐੱਸ ਈ ਯੂ) ਕਈ ਮਾਮਲਿਆਂ ਦਾ ਸਾਹਮਣਾ ਕਰ ਰਹੀ ਹੈ, ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰੇਗੀ।
ਦਵਾਰਕਾ ਦੇ ਯਸ਼ੋਭੂਮੀ ਕਨਵੈਨਸ਼ਨ ਸੈਂਟਰ ਵਿੱਚ ਯੂਨੀਵਰਸਿਟੀ ਦੇ ਛੇਵੇਂ ਸਥਾਪਨਾ ਦਿਵਸ ’ਤੇ ਸਮਾਗਮ ਵਿੱਚ ਸਿੱਖਿਆ ਮੰਤਰੀ ਆਸ਼ੀਸ਼ ਸੂਦ ਵੱਲੋਂ ਸ਼ਿਰਕਤ ਕੀਤੀ ਗਈ। ਇਸ ਸਮਾਗਮ ਵਿੱਚ ਮੰਤਰੀ ਆਸ਼ੀਸ਼ ਸੂਦ ਨੇ ਯੂਨੀਵਰਸਿਟੀ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਦੀਆਂ ਪ੍ਰਾਪਤੀਆਂ ਨੂੰ ਨਵੀਨਤਾ ਅਤੇ ਉੱਦਮਤਾ ਦੇ ਵਿਆਪਕ ਰਾਸ਼ਟਰੀ ਏਜੰਡੇ ਨਾਲ ਜੋੜਿਆ। ਸਿੱਖਿਆ ਮੰਤਰੀ ਨੇ ਕਿਹਾ ਕਿ ਦਿੱਲੀ ਸਕਿਲ ਐਂਟਰਪ੍ਰਨਿਓਰ ਯੂਨੀਵਰਸਿਟੀ ਆਪਣੇ ਆਪ ਵਿੱਚ ਇੱਕ ਸ਼ਾਨਦਾਰ ਸੰਸਥਾ ਹੈ। ਪਿਛਲੇ ਛੇ ਸਾਲਾਂ ਵਿੱਚ ਡੀ ਐੱਸ ਈ ਯੂ ਨੇ ਮਹੱਤਵਪੂਰਨ ਤਰੱਕੀ ਕੀਤੀ ਹੈ। 12 ਜਨਵਰੀ 2026 ਨੂੰ ਰਾਸ਼ਟਰੀ ਯੁਵਾ ਦਿਵਸ ਨੂੰ ਉਜਾਗਰ ਕਰਦੇ ਹੋਏ ਸੂਦ ਨੇ ਸ਼ਹਿਰ ਵਿੱਚ ਨੌਜਵਾਨਾਂ ਦੀ ਅਗਵਾਈ ਵਾਲੀ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਵੱਡੀ ਪਹਿਲਕਦਮੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਇੱਕ ਸਟਾਰਟਅੱਪ ਅਤੇ ਹੁਨਰ ਯੁਵਾ ਉਤਸਵ ਦੇ ਨਾਲ ਰਾਸ਼ਟਰੀ ਯੁਵਾ ਦਿਵਸ ਮਨਾਏਗੀ। ਦਿੱਲੀ ਦੀਆਂ ਸਾਰੀਆਂ 11 ਯੂਨੀਵਰਸਿਟੀਆਂ ਤੇ 19 ਆਈ ਟੀ ਆਈ ਸਾਂਝੇ ਤੌਰ ’ਤੇ ਇਸ ਦਾ ਪ੍ਰਬੰਧ ਕਰਨਗੇ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਆਪਣੇ ਵਿਚਾਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਦੇਣਾ ਹੈ। ਉਨ੍ਹਾਂ ਕਿਹਾ ਕਿ ਚੁਣੌਤੀਆਂ ਦਾ ਹੱਲ ਕਰੇਗੀ ਅਤੇ ਦਿੱਲੀ ਨੂੰ ਭਾਰਤ ਦੀ ਹੁਨਰ ਰਾਜਧਾਨੀ ਬਣਾਉਣ ਵਿੱਚ ਆਪਣੀ ਭੂਮਿਕਾ ਨੂੰ ਮਜ਼ਬੂਤ ਕਰੇਗੀ।
ਦੀਵਾਲੀ ’ਤੇ ਪਟਾਕੇ ਚਲਾਉਣ ਦੀ ਆਗਿਆ ਦੇਣ ’ਤੇ ਵਿਚਾਰ
ਸਿੱਖਿਆ ਮੰਤਰੀ ਆਸ਼ੀਸ਼ ਸੂਦ ਨੇ ਦਿੱਲੀ ਵਾਸੀਆਂ ਵਿੱਚ ਦੀਵਾਲੀ ਮੌਕੇ ਪਟਾਕੇ ਚਲਾਉਣ ਲਈ ਵੱਧ ਰਹੀ ਮੰਗ ਬਾਰੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਪਟਾਕਿਆਂ ਨਾਲ ਦੀਵਾਲੀ ਮਨਾਉਣਾ ਚਾਹੁੰਦੇ ਹਨ। ਸਰਕਾਰ ਇਸ ਨੂੰ ਹੱਲ ਕਰਨ ਲਈ ਪ੍ਰਸ਼ਾਸਨ ਨਾਲ ਯੋਜਨਾ ਬਣਾ ਕੇ ਕੰਮ ਕਰ ਰਹੀ ਹੈ। ਸਰਕਾਰ ਪਹਿਲਾਂ ਹੀ ਪ੍ਰਦੂਸ਼ਣ ਘਟਾਉਣ ’ਤੇ ਲੱਗੀ ਹੈ, ਪਰ ਸਿਰਫ਼ ਪਟਾਕਿਆਂ, ਨਿਰਮਾਣ ’ਤੇ ਪਾਬੰਦੀ ਲਗਾਉਣ ਜਾਂ ਔਡ-ਈਵਨ ਸਕੀਮਾਂ ਲਾਗੂ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਆਰਜ਼ੀ ਪਾਬੰਦੀਆਂ ਦੀ ਬਜਾਏ ਟਿਕਾਊ ਪ੍ਰਬੰਧ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਅੰਦਰ ਮਸਾਲੇ ਵਾਲੇ ਪਟਾਕੇ ਚਲਾਉਣ ਉੱਪਰ ਮਨਾਹੀ ਹੈ ਜਦੋਂ ਕਿ ਸੁਪਰੀਮ ਕੋਰਟ ਨੇ ਸਖ਼ਤ ਸ਼ਰਤਾਂ ਨਾਲ ਹਰੇ ਪਟਾਕੇ ਚਲਾਉਣ ਦੀ ਆਗਿਆ ਦੇ ਦਿੱਤੀ ਹੈ।