‘ਆਈ ਐੱਚ ਬੀ ਏ ਐੱਸ’ ਨੂੰ ਸੁਰਜੀਤ ਕਰਾਂਗੇ: ਰੇਖਾ ਗੁਪਤਾ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਪੂਰਬੀ ਦਿੱਲੀ ਸਥਿਤ ਇੰਸਟੀਚਿਊਟ ਆਫ਼ ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸਜ਼ ‘ਆਈ ਐੱਚ ਬੀ ਏ ਐੱਸ’ ਨੂੰ ਪਹਿਲ ਦੇ ਆਧਾਰ ’ਤੇ ਮੁੜ ਸੁਰਜੀਤ ਕਰੇਗੀ।
ਸੰਸਥਾ ਦੇ ਅਚਾਨਕ ਨਿਰੀਖਣ ਤੋਂ ਬਾਅਦ, ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਪਿਛਲੀਆਂ ਸਰਕਾਰਾਂ ਨੇ ਇਸ ਮਹੱਤਵਪੂਰਨ ਮੈਡੀਕਲ ਸੰਸਥਾ ਨੂੰ ਨਜ਼ਰਅੰਦਾਜ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਰੋਜ਼ਾਨਾ 2,500 ਤੋਂ 3,000 ਓ ਪੀ ਡੀ ਮਰੀਜ਼ ਆਉਂਦੇ ਹਨ ਪਰ ਇਸ ਵਿੱਚ ਮੁੱਢਲੀਆਂ ਜਾਂਚ ਸਹੂਲਤਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੰਸਥਾ ਵਿੱਚ ਮਹੱਤਵਪੂਰਨ ਡਾਇਗਨੌਸਟਿਕ ਬੁਨਿਆਦੀ ਢਾਂਚੇ ਦਾ ਪ੍ਰਬੰਧ ਕਰੇਗੀ। ਗੁਪਤਾ ਨੇ ਕਿਹਾ ਕਿ ਹਸਪਤਾਲ ਨਾ ਸਿਰਫ਼ ਦਿੱਲੀ ਨੂੰ ਸਗੋਂ ਐੱਨ ਸੀ ਆਰ ਦੇ ਮਰੀਜ਼ਾਂ ਨੂੰ ਵੀ ਨਿਊਰੋਲੋਜੀਕਲ ਸਮੱਸਿਆਵਾਂ ਦਾ ਇਲਾਜ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ‘ਆਈ ਐੱਚ ਬੀ ਏ ਐੱਸ’ ਬਾਰੇ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਸਨ। 2012 ਤੋਂ ਇੱਥੇ ਕੋਈ ਐੱਮ ਆਰ ਆਈ ਮਸ਼ੀਨ ਨਹੀਂ ਹੈ। ਕੋਈ ਸੀਟੀ ਸਕੈਨ ਮਸ਼ੀਨ ਵੀ ਨਹੀਂ ਹੈ। ਐਕਸ-ਰੇ ਸਹੂਲਤਾਂ ਵੀ ਸੀਮਤ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਸੰਸਥਾ ਲਈ ਇੱਕ ਨਵੀਂ ਇਮਾਰਤ ਬਣਾਏਗੀ ਅਤੇ ਮੌਜੂਦਾ ਵਿੱਤੀ ਸਾਲ ਵਿੱਚ ਐੱਮ ਆਰ ਆਈ, ਅਲਟਰਾਸਾਊਂਡ ਅਤੇ ਸੀਟੀ ਸਕੈਨ ਵਰਗੀਆਂ ਟੈਸਟਿੰਗ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ।