ਝੁੱਗੀਆਂ ਵਾਲਿਆਂ ਨੂੰ ਪੱਕੇ ਮਕਾਨ ਦੇਵਾਂਗੇ: ਰੇਖਾ ਗੁਪਤਾ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਭਲਸਵਾ ਇਲਾਕੇ ਦਾ ਦੌਰਾ ਕੀਤਾ ਅਤੇ ਉੱਥੇ ਬਣੇ ਹੋਏ ਸਰਕਾਰੀ ਮਕਾਨਾਂ ਦਾ ਨਿਰੀਖਣ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਭਾਜਪਾ ਸਰਕਾਰ ਹਰ ਝੁੱਗੀ-ਝੌਂਪੜੀ ਵਾਲੇ ਨੂੰ ਪੱਕਾ ਮਕਾਨ ਦੇਣ ਲਈ ਵਚਨਬੱਧ ਹੈ। ਮੁੱਖ ਮੰਤਰੀ ਨਾਲ ਆਵਾਸ ਮਹਿਕਮੇ ਦੇ ਉੱਚ ਅਧਿਕਾਰੀ ਅਤੇ ਸਿਆਸੀ ਆਗੂ ਮੌਜੂਦ ਸਨ। ਮੁੱਖ ਮੰਤਰੀ ਰੇਖਾ ਗੁਪਤਾ ਨੇ ਦੱਸਿਆ ਕਿ ਇੱਥੇ 7400 ਫਲੈਟ ਬਣੇ ਪਏ ਹਨ ਪਰ ਪਿਛਲੀਆਂ ਸਰਕਾਰਾਂ ਨੇ ਇਹ ਲੋੜਵੰਦ ਲੋਕਾਂ ਨੂੰ ਨਹੀਂ ਵੰਡੇ ਜਿਸ ਕਰਕੇ ਇਹ ਖੰਡਰ ਦਾ ਰੂਪ ਧਾਰਨ ਕਰ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਫਲੈਟਾਂ ’ਚੋਂ ਲੋਕ ਸਾਮਾਨ ਗਾਇਬ ਹੈ। ਉਨ੍ਹਾਂ ਕਿਹਾ ਕਿ 2016 ਵਿੱਚ ਇਹ ਫਲੈਟ ਬਣ ਕੇ ਤਿਆਰ ਹੋ ਗਏ ਸਨ ਪਰ ਸਮੇਂ ਦੀਆਂ ਸਰਕਾਰਾਂ ਨੇ ਇਹ ਫਲੈਟ ਕਿਸੇ ਨੂੰ ਵੀ ਨਹੀਂ ਵੰਡੇ ਜਦੋਂ ਕਿ ਲੱਖਾਂ ਲੋਕਾਂ ਨੂੰ ਇਹ ਫਲੈਟ ਸਮੇਂ ਸਿਰ ਮਿਲ ਜਾਂਦੇ ਤਾਂ ਨਾ ਹੀ ਫਲੈਟ ਖਰਾਬ ਹੁੰਦੇ ਅਤੇ ਲੋਕਾਂ ਨੂੰ ਵੀ ਲਾਹਾ ਮਿਲਣਾ ਸੀ।
ਭਲਸਵਾ ਦੇ ਗ਼ਰੀਬ ਵਰਗ ਦੇ ਲੋਕਾਂ ਲਈ ਫਲੈਟਾਂ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਸ ਵਿੱਚ ਈ-ਰਿਕਸ਼ਾ ਚਾਰਜਿੰਗ ਸਟੇਸ਼ਨ, ਦੁਕਾਨਾਂ, ਸੁਰੱਖਿਅਤ ਪਾਰਕਿੰਗ, ਇੱਕ ਪ੍ਰਾਇਮਰੀ ਸਕੂਲ, ਇੱਕ ਆਂਗਣਵਾੜੀ, ਆਯੁੂਸ਼ਮਾਨ ਅਰੋਗਿਆ ਮੰਦਰ, ਖੇਡ ਦੇ ਮੈਦਾਨ ਅਤੇ ਔਰਤਾਂ ਅਤੇ ਬਜ਼ੁਰਗਾਂ ਲਈ ਪਾਰਕ ਸ਼ਾਮਲ ਹਨ। ਭਲਸਵਾ ਵਿੱਚ ਈਡਬਲਯੂਐਸ ਫਲੈਟਾਂ ਨੂੰ ਸਾਰੀਆਂ ਜ਼ਰੂਰੀ ਸਹੂਲਤਾਂ ਨਾਲ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਦੀ ਸਰਕਾਰ ਆਯੁੂਸ਼ਮਾਨ ਅਰੋਗਿਆ ਮੰਦਰ, ਈ-ਰਿਕਸ਼ਾ ਚਾਰਜਿੰਗ ਸਟੇਸ਼ਨ, ਪ੍ਰਾਇਮਰੀ ਸਕੂਲ, ਪਾਰਕ, ਦੁਕਾਨਾਂ ਅਤੇ ਪਾਰਕਿੰਗ ਲਈ ਢੁਕਵੇਂ ਪ੍ਰਬੰਧ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਹ ਫਲੈਟ ਕਈ ਸਾਲ ਪਹਿਲਾਂ ਪੂਰੇ ਹੋ ਗਏ ਸਨ ਪਰ ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਕਾਰਨ ਇਹ ਖਾਲੀ ਪਏ ਸਨ ਅਤੇ ਹੁਣ ਖਸਤਾ ਹਾਲਤ ਵਿੱਚ ਹਨ। ਉਨ੍ਹਾਂ ਦੀ ਸਰਕਾਰ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ ਗਰੀਬ ਪਰਿਵਾਰਾਂ ਨੂੰ ਸਥਾਈ ਰਿਹਾਇਸ਼ ਮੁਹੱਈਆ ਕਰਨ ਦੇ ਟੀਚੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ‘‘ਅੱਜ, ਮੈਂ ਇਨ੍ਹਾਂ ਈਡਬਲਯੂਐਸ ਫਲੈਟਾਂ ਦਾ ਨਿਰੀਖਣ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੂੰ ਕੈਂਪਸ ਵਿੱਚ ਪਾਰਕਿੰਗ, ਇੱਕ ਬਾਜ਼ਾਰ ਅਤੇ ਹੋਰ ਬੁਨਿਆਦੀ ਸਹੂਲਤਾਂ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਇੱਥੇ ਬੱਚਿਆਂ ਅਤੇ ਬਜ਼ੁਰਗਾਂ ਲਈ ਸਹੂਲਤਾਂ ਵੀ ਵਿਕਸਤ ਕੀਤੀਆਂ ਜਾਣਗੀਆਂ।’’ ਇਸ ਮੌਕੇ ਕੈਬਨਿਟ ਮੰਤਰੀ ਆਸ਼ੀਸ਼ ਸੂਦ, ਵਿਧਾਇਕ ਦੀਪਕ ਚੌਧਰੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
