ਯਮੁਨਾ ’ਚ ਪਾਣੀ ਦਾ ਪੱਧਰ ਘਟਿਆ ਲੱਗਾ
ਦਿੱਲੀ ਵਿੱਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ, ਪਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਹਾਲੇ ਵੀ ਜਾਰੀ ਹਨ। ਬੁੱਧਵਾਰ ਸਵੇਰੇ ਦਿੱਲੀ ਦੇ ਪੁਰਾਣੇ ਲੋਹੇ ਦੇ ਪੁਲ ’ਤੇ ਪਾਣੀ ਦਾ ਪੱਧਰ 205.33 ਮੀਟਰ ਦੇ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਦਰਜ ਕੀਤਾ ਗਿਆ। ਇਸ ਦੇ ਨਾਲ ਹੀ, ਹਥਨੀਕੁੰਡ ਬੈਰਾਜ ਤੋਂ ਬਹੁਤ ਘੱਟ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਕੁਝ ਹੋਰ ਰਾਹਤ ਮਿਲਣ ਦੀ ਉਮੀਦ ਹੈ।
ਓਖਲਾ ਬੈਰਾਜ ਤੋਂ ਬਾਅਦ ਯਮੁਨਾ ਮੁੜ ਤੋਂ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿੱਚ ਦਾਖ਼ਲ ਹੁੰਦੀ ਹੈ ਅਤੇ ਹੁਣ ਫਰੀਦਾਬਾਦ ਬੱਲਭਗੜ੍ਹ ਦੇ ਨੇੜੇ ਅਤੇ ਪਲਵਲ ਕੋਲ ਪਾਣੀ ਦਾ ਪੱਧਰ ਹੇਠਾਂ ਆ ਰਿਹਾ ਹੈ। ਰਾਜਧਾਨੀ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਜ਼ਰੂਰ ਘੱਟ ਰਿਹਾ ਹੈ ਪਰ ਲੋਕਾਂ ਦੀਆਂ ਮੁਸ਼ਕਲਾਂ ਹਾਲੇ ਵੀ ਘੱਟ ਨਹੀਂ ਹੋਈਆਂ ਹਨ। ਇਸ ਆਫ਼ਤ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨਵੇਂ ਸਿਰ੍ਹੇ ਤੋਂ ਸ਼ੁਰੂ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਇਲਾਕਿਆਂ ਦੇ ਲੋਕਾਂ ਨੇ ਆਪਣੇ ਘਰਾਂ ਤੋਂ ਚਿੱਕੜ ਅਤੇ ਗਾਰ ਕੱਢਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਕੁਝ ਲੋਕਾਂ ਨੂੰ ਘਰੋਂ ਨਿਕਲਦੇ ਸਮੇਂ ਆਪਣੇ ਜ਼ਰੂਰੀ ਕਾਗਜ਼ ਲੈਣ ਦਾ ਸਮਾਂ ਨਹੀਂ ਮਿਲਿਆ, ਹੁਣ ਉਨ੍ਹਾਂ ਨੂੰ ਨਵੇਂ ਸਿਰ੍ਹੇ ਤੋਂ ਆਪਣੇ ਕਾਗਜ਼ ਜਾਂ ਦਸਤਾਵੇਜ਼ ਬਣਾਉਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਲੋਕ ਰਾਹਤ ਕੈਂਪਾਂ ਤੋਂ ਵਾਪਸ ਆਪਣੀਆਂ ਝੁੱਗੀਆਂ ਵੱਲ ਨੂੰ ਪਰਤਣ ਲੱਗੇ ਹਨ। ਯਮੁਨਾ ਦੇ ਕਿਨਾਰੇ ਉਹ ਲੋਕ ਜ਼ਿਆਦਾ ਰਹਿੰਦੇ ਹਨ ਜੋ ਯਮੁਨਾ ਦੇ ਖੇਤਰ ਵਿੱਚ ਖੇਤੀਬਾੜੀ ਕਰਦੇ ਹਨ ਜਾਂ ਫੁੱਲ, ਸਬਜ਼ੀਆਂ ਪੈਦਾ ਕਰਦੇ ਹਨ। ਉਨ੍ਹਾਂ ਵੱਲੋਂ ਬਣਾਈਆਂ ਹੋਈਆਂ ਝੁੱਗੀਆਂ ਮੀਂਹ ਵਿੱਚ ਬਰਬਾਦ ਹੋ ਚੁੱਕੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਰਾਹਤ ਕੈਂਪਾਂ ਵਿੱਚ ਰਹਿਣਾ ਪੈ ਰਿਹਾ ਹੈ। ਦਿੱਲੀ ਦੀ ਮੁੱਖ ਮੰਤਰੀ ਨੇ ਹੜ੍ਹਾਂ ਕਾਰਨ ਫਸਲਾਂ ਦੀ ਤਬਾਹੀ ਤੋਂ ਪ੍ਰੇਸ਼ਾਨ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਰੇਖਾ ਗੁਪਤਾ ਨੇ ਮੀਟਿੰਗ ਤੋਂ ਬਾਅਦ ਬੀਤੀ ਸ਼ਾਮ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਕਰੇਗੀ। ਉਨ੍ਹਾਂ ਕਿਹਾ ਦਿੱਲੀ ਸਰਕਾਰ ਉਨ੍ਹਾਂ ਕਿਸਾਨਾਂ ਨੂੰ ਵੀ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਦੀਆਂ ਫਸਲਾਂ ਖ਼ਰਾਬ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਵਾਪਸ ਪਟੜੀ ’ਤੇ ਲਿਆਉਣ ਲਈ ਸਰਕਾਰ ਵੱਲੋਂ ਲੋਕਾਂ ਦੀ ਮਦਦ ਕੀਤੀ ਜਾਵੇਗਾ।