ਯਮੁਨਾ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਿਆ
ਦਿੱਲੀ ਵਿੱਚ ਯਮੁਨਾ ਵਿੱਚ ਪਾਣੀ ਦਾ ਪੱਧਰ ਸ਼ਹਿਰ ਲਈ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਯਮੁਨਾ ਵਿੱਚ ਪਾਣੀ ਦਾ ਪੱਧਰ ਅੱਜ ਸਵੇਰੇ 8 ਵਜੇ 205.10 ਮੀਟਰ ਤੱਕ ਪਹੁੰਚ ਗਿਆ, ਜੋ ਪੁਰਾਣੇ ਰੇਲਵੇ ਪੁਲ ’ਤੇ 205.33 ਮੀਟਰ ਦੇ ਖ਼ਤਰੇ ਦੇ ਪੱਧਰ ਤੋਂ ਕੁਝ ਹੀ ਦੂਰ ਹੈ। ਚਿਤਾਵਨੀ ਨਿਸ਼ਾਨ 204.5 ਮੀਟਰ ਹੈ, ਜਦੋਂਕਿ ਖ਼ਤਰੇ ਦਾ ਨਿਸ਼ਾਨ 205.33 ਮੀਟਰ ਹੈ ਅਤੇ ਪਾਣੀ ਦੀ ਨਿਕਾਸੀ 206 ਮੀਟਰ ਤੋਂ ਸ਼ੁਰੂ ਹੁੰਦੀ ਹੈ। ਪੁਰਾਣਾ ਰੇਲਵੇ ਪੁਲ ਨਦੀ ਦੇ ਵਹਾਅ ਲਈ ਤੈਅ ਪੈਮਾਨਾ ਹੈ। ਇਸੇ ਬਿੰਦੂ ’ਤੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਦਿੱਲੀ ਵਿੱਚ ਹੜ੍ਹਾਂ ਨਾਲ ਸਬੰਧਤ ਫ਼ੈਸਲੇ ਲਏ ਜਾਂਦੇ ਹਨ। ਇੱਕ ਦਿਨ ਪਹਿਲਾਂ ਪਾਣੀ ਦਾ ਪੱਧਰ 204.88 ਮੀਟਰ ਦਰਜ ਕੀਤਾ ਗਿਆ ਸੀ ਜੋ ਕਿ 204.50 ਮੀਟਰ ਦੇ ਚਿਤਾਵਨੀ ਪੱਧਰ ਨੂੰ ਪਾਰ ਕਰ ਗਿਆ ਸੀ। ਉਦੋਂ ਤੋਂ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਅਧਿਕਾਰੀਆਂ ਅਨੁਸਾਰ ਸੰਭਾਵੀ ਹੜ੍ਹ ਦੇ ਹਾਲਾਤ ਨਾਲ ਨਜਿੱਠਣ ਲਈ ਸਾਵਧਾਨੀ ਵਰਤਣ ਲਈ ਸਾਰੀਆਂ ਸਬੰਧਤ ਏਜੰਸੀਆਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਪਾਣੀ ਦੇ ਵਧਦੇ ਪੱਧਰ ਕਾਰਨ ਦਰਿਆ ਦੇ ਕੰਢਿਆਂ ’ਤੇ ਐਲਾਨ ਕੀਤੇ ਜਾ ਰਹੇ ਹਨ ਕਿ ਯਮੁਨਾ ਦੇ ਪਾਣੀ ਦੇ ਨੇੜੇ ਨਾ ਜਾਇਆ ਜਾਵੇ।
ਜ਼ਿਲ੍ਹਾ ਮੈਜਿਸਟ੍ਰੇਟ ਪੂਰਬੀ ਦਫ਼ਤਰ ਦੇ ਹੜ੍ਹ ਕੰਟਰੋਲ ਬੁਲੇਟਿਨ ਵਿੱਚ ਕਿਹਾ ਕਿ ਅੱਜ ਸਵੇਰੇ 8 ਵਜੇ ਹਥਨੀਕੁੰਡ ਬੈਰਾਜ ‘ਤੇ ਪਾਣੀ ਦਾ ਨਿਕਾਸ 24,613 ਕਿਊਸਕ ਅਤੇ ਵਜ਼ੀਰਾਬਾਦ ਬੈਰਾਜ ’ਤੇ 46,290 ਕਿਊਸਕ ਦਰਜ ਕੀਤਾ ਗਿਆ।
ਸਿੰਜਾਈ ਅਤੇ ਹੜ੍ਹ ਕੰਟਰੋਲ ਵਿਭਾਗ ਦੇ ਅਨੁਸਾਰ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲਗਪਗ 12,000 ਵਾਸੀਆਂ ਨੂੰ ਸੁਚੇਤ ਕੀਤਾ ਗਿਆ ਅਤੇ ਸਬੰਧਤ ਸਬ-ਡਿਵੀਜ਼ਨਲ ਮੈਜਿਸਟ੍ਰੇਟ ਸਥਿਤੀ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੇ ਹਨ। ਨਦੀ ਦੇ ਕੰਢਿਆਂ ਤੋਂ ਲੋਕਾਂ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਸੀ। ਦਿੱਲੀ ਦੇ ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਵਰਮਾ ਨੇ ਕਿਹਾ ਕਿ ਲੋੜ ਪੈਣ ’ਤੇ ਲੋਕਾਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਸੁਰੱਖਿਅਤ ਢੰਗ ਨਾਲ ਤਬਦੀਲ ਕਰਨ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ। ਰਾਤ ਨੂੰ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ। ਬੈਰਾਜ ਤੋਂ ਛੱਡਿਆ ਗਿਆ ਪਾਣੀ ਆਮ ਤੌਰ ’ਤੇ ਦਿੱਲੀ ਪਹੁੰਚਣ ਵਿੱਚ 48 ਤੋਂ 50 ਘੰਟੇ ਲੈਂਦਾ ਹੈ। 2023 ਵਿੱਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ 208.66 ਮੀਟਰ ਤੱਕ ਪਹੁੰਚ ਗਿਆ ਸੀ ਅਤੇ ਸੁਪਰੀਮ ਕੋਰਟ ਨੂੰ ਵੀ ਟਿੱਪਣੀ ਕਰਨੀ ਪਈ ਸੀ ਉਦੋਂ ਮੰਨਿਆ ਜਾ ਰਿਹਾ ਸੀ ਕਿ ਯਮੁਨਾ ਆਪਣੇ ਸਦੀਆਂ ਪੁਰਾਣੇ ਰਵਾਇਤੀ ਮਾਰਗ ਉੱਪਰ ਪਹੁੰਚ ਗਈ ਸੀ।