ਯਮੁਨਾ ’ਚ ਪਾਣੀ ਦਾ ਪੱਧਰ 207 ਮੀਟਰ ਤੋਂ ਟੱਪਿਆ
ਸਰਕਾਰੀ ਅੰਕੜਿਆਂ ਮੁਤਾਬਕ ਸਵੇਰੇ 11:00 ਵਜੇ ਤੱਕ ਪਾਣੀ ਦਾ ਪੱਧਰ 207.46 ਮੀਟਰ ਸੀ। ਇਸ ਤੋਂ ਪਹਿਲਾਂ ਇਹ ਸਵੇਰੇ 6 ਵਜੇ ਤੋਂ 7 ਵਜੇ ਦੇ ਵਿਚਕਾਰ 207.48 ਮੀਟਰ ਸੀ।
ਹੜ੍ਹ ਦਾ ਪਾਣੀ ਦਿੱਲੀ ਸਕੱਤਰੇਤ ਨੇੜੇ ਪਹੁੰਚ ਗਿਆ ਹੈ, ਜਿੱਥੇ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਮੁੱਖ ਨੌਕਰਸ਼ਾਹਾਂ ਦੇ ਦਫ਼ਤਰ ਹਨ। ਵਾਸੂਦੇਵ ਘਾਟ ਨੇੜਲੇ ਇਲਾਕੇ ਵੀ ਪਾਣੀ ਵਿੱਚ ਡੁੱਬ ਗਏ। ਮਯੂਰ ਵਿਹਾਰ ਫੇਜ਼-I ਵਰਗੇ ਨੀਵੇਂ ਇਲਾਕਿਆਂ ਵਿੱਚ ਕੁਝ ਰਾਹਤ ਕੈਂਪ ਵੀ ਪਾਣੀ ਵਿੱਚ ਡੁੱਬ ਗਏ ਹਨ।
ਮੱਠ ਬਾਜ਼ਾਰ ਅਤੇ ਯਮੁਨਾ ਬਾਜ਼ਾਰ ਪਾਣੀ ਵਿੱਚ ਡੁੱਬੇ ਰਹੇ। ਹਾਲਾਂਕਿ ਵਸਨੀਕਾਂ ਨੂੰ ਉਮੀਦ ਸੀ ਕਿ ਪਾਣੀ ਘਟ ਜਾਵੇਗਾ ਅਤੇ ਆਮ ਸਥਿਤੀ ਬਹਾਲ ਹੋ ਜਾਵੇਗੀ।
ਹੜ੍ਹ ਦਾ ਪਾਣੀ ਕਸ਼ਮੀਰੀ ਗੇਟ ਨੇੜੇ ਸ੍ਰੀ ਮਾਰਗਟ ਵਾਲੇ ਹਨੂੰਮਾਨ ਬਾਬਾ ਮੰਦਰ ਤੱਕ ਵੀ ਪਹੁੰਚ ਗਿਆ।
ਇੱਕ ਸ਼ਰਧਾਲੂ ਨੇ ਕਿਹਾ, ‘‘ਹਰ ਸਾਲ ਜਦੋਂ ਯਮੁਨਾ ’ਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਇਹ ਭਗਵਾਨ ਹਨੂੰਮਾਨ ਦੀ ਮੂਰਤੀ ਨੂੰ ਇਸ਼ਨਾਨ ਕਰਵਾਉਂਦਾ ਹੈ। ਇਹ ਪਵਿੱਤਰ ਪਾਣੀ ਹੈ। ਅਸੀਂ ਇਸ ਦਾ ਸਤਿਕਾਰ ਕਰਦੇ ਹਾਂ।’’
ਨਿਗਮਬੋਧ ਘਾਟ ਬੁੱਧਵਾਰ ਨੂੰ ਡੁੱਬ ਗਿਆ ਸੀ, ਜਿਸ ਨਾਲ ਕੰਮ ਰੁਕ ਗਿਆ ਸੀ। ਗੀਤਾ ਕਲੋਨੀ ਸ਼ਮਸ਼ਾਨਘਾਟ ਵੀ ਪਾਣੀ ਵਿੱਚ ਡੁੱਬ ਗਿਆ ਸੀ। ਹਾਲਾਂਕਿ ਸ਼ਮਸ਼ਾਨਘਾਟ ਦੇ ਮੁਖੀ ਸੰਜੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੰਮ ਬੰਦ ਨਹੀਂ ਕੀਤਾ ਹੈ।
ਉਨ੍ਹਾਂ ਦਾਅਵਾ ਕੀਤਾ, ‘‘2023 ਵਿੱਚ ਸ਼ਮਸ਼ਾਨਘਾਟ ’ਚ ਪਾਣੀ ਦਾਖ਼ਲ ਹੋ ਗਿਆ ਸੀ ਅਤੇ ਅੱਜ ਫਿਰ ਇਹ ਲਗਭਗ 10 ਫੁੱਟ ਪਾਣੀ ਨਾਲ ਭਰਿਆ ਹੋਇਆ ਹੈ। ਨੁਕਸਾਨ ਬਹੁਤ ਜ਼ਿਆਦਾ ਹੈ ਕਿਉਂਕਿ ਬਾਹਰ ਸਟੋਰ ਕੀਤੀ ਸਾਰੀ ਲੱਕੜ ਬਰਬਾਦ ਹੋ ਗਈ ਹੈ। ਸਾਨੂੰ ਪ੍ਰਸ਼ਾਸਨ ਤੋਂ ਕੋਈ ਮਦਦ ਨਹੀਂ ਮਿਲ ਰਹੀ ਹੈ।’’
ਉਨ੍ਹਾਂ ਕਿਹਾ ਕਿ ਕੁਝ ਸ਼ਮਸ਼ਾਨਘਾਟ ਪਹਿਲਾਂ ਹੀ ਬੰਦ ਹੋ ਚੁੱਕੇ ਹਨ, ਇਸ ਲਈ ਦੂਰ-ਦੁਰੇਡੀਆਂ ਥਾਵਾਂ ਤੋਂ ਲੋਕ ਗੀਤਾ ਕਲੋਨੀ ਸ਼ਮਸ਼ਾਨਘਾਟ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਕਿਸੇ ਤਰ੍ਹਾਂ ਅੰਤਿਮ ਸੰਸਕਾਰ ਦਾ ਪ੍ਰਬੰਧ ਕਰ ਰਹੇ ਹਾਂ ਪਰ ਸਿਰਫ ਸ਼ਮਸ਼ਾਨਘਾਟ ਦੇ ਅੰਦਰ ਵਾਲੀ ਸੜਕ ਵਰਤੋਂ ਯੋਗ ਹੈ। ਇਸ ਸਮੇਂ ਅਸੀਂ ਸੜਕ ’ਤੇ ਹੀ ਸਸਕਾਰ ਕਰ ਰਹੇ ਹਾਂ ਪਰ ਜੇਕਰ ਪਾਣੀ ਦਾ ਪੱਧਰ ਹੋਰ ਵਧਦਾ ਹੈ ਤਾਂ ਉਹ ਵੀ ਬੰਦ ਹੋ ਸਕਦਾ ਹੈ।’’
ਇਹ ਦਿੱਲੀ ਵਾਸੀਆਂ ਲਈ ਦੋਹਰੀ ਮੁਸੀਬਤ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਕਾਰਨ ਪਾਣੀ ਭਰਨ ਅਤੇ ਯਮੁਨਾ ਵਿੱਚ ਹੜ੍ਹ ਆਉਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ।
ਚਾਂਦਗੀ ਰਾਮ ਅਖਾੜੇ ਨੇੜੇ ਸਿਵਲ ਲਾਈਨਜ਼ ਵਿੱਚ ਭਾਰੀ ਪਾਣੀ ਭਰਨ ਦੀ ਰਿਪੋਰਟ ਕੀਤੀ ਗਈ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਹਰ ਵਾਰ ਮੀਂਹ ਪੈਣ ’ਤੇ ਅਜਿਹਾ ਪਾਣੀ ਭਰ ਜਾਂਦਾ ਹੈ ਪਰ ਅਧਿਕਾਰੀ ਸਥਿਤੀ ਨੂੰ ਸੁਧਾਰਨ ਵਿੱਚ ਅਸਫ਼ਲ ਰਹੇ ਹਨ।
ਬੁੱਧਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਹੜ੍ਹ ਕੰਟਰੋਲ ਬੁਲੇਟਿਨ ਵਿੱਚ ਕਿਹਾ ਗਿਆ ਕਿ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਦਾ ਪੱਧਰ ਸਵੇਰੇ 8 ਵਜੇ 207.48 ਮੀਟਰ ਹੋਵੇਗਾ ਅਤੇ ਇਸ ਤੋਂ ਬਾਅਦ ਇਸ ਦੇ ਡਿੱਗਣ ਦੀ ਸੰਭਾਵਨਾ ਹੈ।
ਪੁਰਾਣਾ ਰੇਲਵੇ ਪੁਲ ਨਦੀ ਦੇ ਵਹਾਅ ਅਤੇ ਸੰਭਾਵੀ ਹੜ੍ਹ ਦੇ ਜੋਖਮਾਂ ’ਤੇ ਨਜ਼ਰ ਰੱਖਣ ਲਈ ਇੱਕ ਮੁੱਖ ਨਿਰੀਖਣ ਬਿੰਦੂ ਵਜੋਂ ਕੰਮ ਕਰਦਾ ਹੈ।
ਮਾਲ ਵਿਭਾਗ ਮੁਤਾਬਕ 8,018 ਲੋਕਾਂ ਨੂੰ ਤੰਬੂਆਂ ਵਿੱਚ ਭੇਜਿਆ ਗਿਆ ਹੈ, ਜਦੋਂ ਕਿ 2,030 ਨੂੰ 13 ਸਥਾਈ ਆਸਰਾ ਸਥਾਨਾਂ ਵਿੱਚ ਤਬਦੀਲ ਕੀਤਾ ਗਿਆ ਹੈ।
ਸਰਕਾਰ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਸਥਿਤੀ ’ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ।