ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ: ਏਵੀਏਸ਼ਨ ਇੰਜੀਨੀਅਰਾਂ ਨੇ ਦਿੱਲੀ ATC ਖਰਾਬੀ ਲਈ AAI ਨੂੰ ਠਹਿਰਾਇਆ ਜ਼ਿੰਮੇਵਾਰ !
ਸ਼ੁੱਕਰਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਏਅਰ ਟ੍ਰੈਫਿਕ ਕੰਟਰੋਲ (ATC) ਵਿੱਚ ਇੱਕ ਵੱਡੀ ਖਰਾਬੀ ਕਾਰਨ 800 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਅਤੇ ਕਈ ਰੱਦ ਹੋ ਗਈਆਂ ਸਨ। ਇਸ ਘਟਨਾ ਤੋਂ ਕੁਝ ਦਿਨਾਂ ਬਾਅਦ, ਏਵੀਏਸ਼ਨ ਇੰਜੀਨੀਅਰਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਚਿੱਠੀ ਲਿਖ ਕੇ ਚੇਤਾਵਨੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਏਅਰਪੋਰਟਸ ਅਥਾਰਟੀ ਆਫ ਇੰਡੀਆ (AAI) ਦੇ ਅੰਦਰ ਸਾਲਾਂ ਤੋਂ ਚੱਲੀ ਆ ਰਹੀ ਅਣਗਹਿਲੀ ਅਤੇ ਪੁਰਾਣੇ ਸਿਸਟਮਾਂ ਨੂੰ ਬੇਨਕਾਬ ਕਰ ਦਿੱਤਾ ਹੈ।
ਕਮਿਊਨੀਕੇਸ਼ਨ, ਨੈਵੀਗੇਸ਼ਨ ਅਤੇ ਸਰਵੇਲੈਂਸ (CNS) ਇੰਜੀਨੀਅਰਾਂ ਦੀ ਨੁਮਾਇੰਦਗੀ ਕਰਨ ਵਾਲੀ ਐਸੋਸੀਏਸ਼ਨ ATSEPA (ਇੰਡੀਆ) ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਕਈ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਇਹ ਸੰਕਟ CNS ਬੁਨਿਆਦੀ ਢਾਂਚੇ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਅਣਗਹਿਲੀ ਦਾ ਨਤੀਜਾ ਹੈ, ਜਿਸ ਬਾਰੇ CNS ਇੰਜੀਨੀਅਰ ਲਗਾਤਾਰ AAI ਲੀਡਰਸ਼ਿਪ ਨੂੰ ਚੇਤਾਵਨੀ ਦਿੰਦੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਸੰਕਟ ਦਾ ਕਾਰਨ AMSS ਵਰਗੇ ਪੁਰਾਣੇ ਸਿਸਟਮ ਹਨ ਜਿਨ੍ਹਾਂ ਵਿੱਚ ਬੈਕਅੱਪ ਦੀ ਘਾਟ ਹੈ।ਇਹ ਸਮੱਸਿਆ ਤਕਨਾਲੋਜੀ ਦੀ ਅਸਫਲਤਾ ਹੈ, ਨਾ ਕਿ ਮਨੁੱਖੀ ਸ਼ਕਤੀ ਦੀ ਘਾਟ। ਧਿਆਨ ATCOs (ਏਅਰ ਟ੍ਰੈਫਿਕ ਕੰਟਰੋਲ ਅਫਸਰਾਂ) ਦੀ ਗਿਣਤੀ ਤੋਂ ਹਟਾ ਕੇ ਅਸਲ ਮੁੱਦਿਆਂ ਵੱਲ ਮੋੜਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ATC ਅਧਿਕਾਰੀ ਪੂਰੀ ਤਰ੍ਹਾਂ ਆਟੋਮੇਟਿਡ ਸਿਸਟਮਾਂ ’ਤੇ ਨਿਰਭਰ ਰਹਿੰਦੇ ਹਨ ਅਤੇ ਸਿਸਟਮ ਫੇਲ੍ਹ ਹੋਣ ’ਤੇ ਮੈਨੂਅਲ (ਹੱਥੀਂ) ਕੰਮ ਕਰਨ ਤੋਂ ਝਿਜਕਦੇ ਹਨ ਜਾਂ ਸਹੀ ਢੰਗ ਨਾਲ ਨਹੀਂ ਕਰਦੇ, ਜਿਸ ਕਾਰਨ ਦੇਰੀ ਅਤੇ ਗਲਤੀਆਂ ਹੁੰਦੀਆਂ ਹਨ।
AAI ਵੱਲੋਂ ਬਹੁਤ ਸਾਰੇ ਹੁਨਰਮੰਦ CNS ਇੰਜੀਨੀਅਰਾਂ ਨੂੰ ਗ਼ੈਰ-ਤਕਨੀਕੀ ਅਹੁਦਿਆਂ ’ਤੇ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ ਮਹੱਤਵਪੂਰਨ ਸਟੇਸ਼ਨਾਂ ’ਤੇ ਇੰਜੀਨੀਅਰਾਂ ਦੀ ਕਮੀ ਹੈ।
ATSEPA (ਇੰਡੀਆ) ਨੇ ਮੰਤਰਾਲੇ ਨੂੰ ਚਾਰ ਮੁੱਖ ਬੇਨਤੀਆਂ ਕੀਤੀਆਂ ਹਨ ਉਨ੍ਹਾਂ ਕਿਹਾ ਕਿ:
- ਪ੍ਰਮੁੱਖ ਹਵਾਈ ਅੱਡਿਆਂ ’ਤੇ ਤੁਰੰਤ CNS ਆਧੁਨਿਕੀਕਰਨ ਸ਼ੁਰੂ ਕੀਤਾ ਜਾਵੇ।
- ਨਵੇਂ ਸਿਸਟਮ ਖਰੀਦਣ ਵੇਲੇ CNS ਇੰਜੀਨੀਅਰਾਂ ਦੀਆਂ ਸਿਫ਼ਾਰਸ਼ਾਂ ਨੂੰ ਸ਼ਾਮਲ ਕੀਤਾ ਜਾਵੇ।
- CNS ਇੰਜੀਨੀਅਰਾਂ ਦੀ ਗ਼ੈਰ-ਤਕਨੀਕੀ ਭੂਮਿਕਾਵਾਂ ਵਿੱਚ ਤਬਦੀਲੀ ਬੰਦ ਕੀਤੀ ਜਾਵੇ।
- ATC ਦੇ ਕੰਮਕਾਜ ਦੀਆਂ ਪ੍ਰਕਿਰਿਆਵਾਂ ਦੀ ਸਮੀਖਿਆ ਕੀਤੀ ਜਾਵੇ ਜਿੱਥੇ ਪੁਰਾਣੇ ਸਿਸਟਮਾਂ ’ਤੇ ਜ਼ਿਆਦਾ ਨਿਰਭਰਤਾ ਕਾਰਨ ਗਲਤੀਆਂ ਹੁੰਦੀਆਂ ਹਨ।
ਐਸੋਸੀਏਸ਼ਨ ਨੇ ਅੰਤ ਵਿੱਚ ਕਿਹਾ ਕਿ ਹਵਾਬਾਜ਼ੀ ਸੁਰੱਖਿਆ ਲਈ ਮਜ਼ਬੂਤ ਤਕਨਾਲੋਜੀ, ਸਮਰੱਥ ਤਕਨੀਕੀ ਮਨੁੱਖੀ ਸ਼ਕਤੀ ਅਤੇ ਆਧੁਨਿਕ ਸਿਸਟਮ ਜ਼ਰੂਰੀ ਹਨ, ਨਾ ਕਿ ਅਸਲ ਕਾਰਨਾਂ ਤੋਂ ਧਿਆਨ ਹਟਾਉਣ ਵਾਲੀਆਂ ਕਹਾਣੀਆਂ।
