ਗੋਲੀਬਾਰੀ ਦੌਰਾਨ ਲੋੜੀਂਦੇ ਅਪਰਾਧੀ ਕਾਬੂ
ਦੱਖਣ-ਪੱਛਮੀ ਜ਼ਿਲ੍ਹਾ ਪੁਲੀਸ ਨੇ ਬੁੱਧਵਾਰ ਨੂੰ ਦੱਸਿਆ ਕਿ ਅੱਜ ਤੜਕਸਾਰ ਇੱਕ ਮੁਕਾਬਲੇ ਵਿੱਚ ਅਰੁਣਾ ਆਸਫ ਅਲੀ ਰੋਡ ਸੰਜੇ ਵਨ, ਕਿਸ਼ਨਗੜ੍ਹ ਨੇੜੇ ਗੋਲੀਬਾਰੀ ਤੋਂ ਬਾਅਦ ਦੋ ਲੋੜੀਂਦੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲੀਸ ਅਨੁਸਾਰ ਇਹ ਘਟਨਾ ਸਵੇਰੇ ਲਗਪਗ 6:15 ਵਜੇ ਵਾਪਰੀ। ਇੱਕ ਖੂਫੀਆ ਜਾਣਕਾਰੀ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ, ਟੀਮ ਨੇ ਦੋ ਸ਼ੱਕੀ ਅਪਰਾਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਚੁਣੌਤੀ ਦੇਣ ’ਤੇ ਦੋਵਾਂ ਨੇ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲੀਸ ਪਾਰਟੀ ’ਤੇ ਗੋਲੀ ਚਲਾ ਦਿੱਤੀ।
ਪੁਲੀਸ ਵੱਲੋਂ ਆਤਮ-ਰੱਖਿਆ ਵਿੱਚ ਕੀਤੀ ਜਵਾਬੀ ਕਾਰਵਾਈ ਦੌਰਾਨ ਇੱਕ ਦੋਸ਼ੀ ਅਰਮਾਨ (26) ਦੀ ਸੱਜੀ ਲੱਤ ਵਿੱਚ ਗੋਲੀ ਲੱਗੀ।
ਉਸ ਨੂੰ ਤੁਰੰਤ ਇਲਾਜ ਲਈ ਏਮਜ਼ ਟਰਾਮਾ ਸੈਂਟਰ ਲਿਜਾਇਆ ਗਿਆ। ਦੂਜਾ ਦੋਸ਼ੀ ਬਸ਼ੀਰ (24) ਨੂੰ ਮੌਕੇ 'ਤੇ ਹੀ ਇੱਕ ਨਾਜਾਇਜ਼ ਹਥਿਆਰ ਅਤੇ ਇੱਕ ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ। ਦੋਵੇਂ ਬਵਾਨਾ ਦੀ ਜੇਜੇ ਕਲੋਨੀ ਵਾਸੀ ਹਨ।
ਗੋਲੀਬਾਰੀ ਦੌਰਾਨ ਅਰਮਾਨ ਦੀ ਇੱਕ ਗੋਲੀ ਇੱਕ ਪੁਲੀਸ ਕਰਮਚਾਰੀ ਦੀ ਬੁਲੇਟਪਰੂਫ ਜੈਕੇਟ ’ਤੇ ਲੱਗੀ, ਪਰ ਕਿਸੇ ਵੀ ਸੱਟ ਲੱਗਣ ਤੋਂ ਬਚਾਅ ਰਿਹਾ।