JNUSU elections ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਯੂਨੀਅਨ ਦੀਆਂ ਚੋਣਾਂ ਲਈ ਵੋਟਿੰਗ ਸ਼ੁਰੂ
ਬੂਥਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ; ਸਵੇਰੇ 9 ਵਜੇ ਤੋ ਸ਼ਾਮੀਂ 5.30 ਵਜੇ ਤੱਕ ਜਾਰੀ ਰਹੇਗੀ ਪੋਲਿੰਗ; 6 ਨਵੰਬਰ ਨੂੰ ਐਲਾਨੇ ਜਾਣਗੇ ਨਤੀਜੇ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੁੂਨੀਅਨ (JNUSU) ਦੀਆਂ ਚੋਣਾਂ ਲਈ ਮੰਗਲਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ ਹੈ। ਵਿਦਿਆਰਥੀ ਕੈਂਪਸ ਦੇ ਸਕੂਲਾਂ ਲਈ ਇੱਕ ਨਵੇਂ ਕੇਂਦਰੀ ਪੈਨਲ ਅਤੇ ਕੌਂਸਲਰਾਂ ਦੀ ਚੋਣ ਲਈ ਵੋਟ ਪਾਉਣਗੇ। ਅੱਜ ਸਵੇਰੇ ਬੂਥਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗ ਗਈਆਂ ਜਿੱਥੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਵੋਟ ਪਾਈ।
ਪੋਲਿੰਗ ਸਵੇਰੇ 9 ਵਜੇ ਸ਼ੁਰੂ ਹੋਈ ਅਤੇ ਸ਼ਾਮ 5.30 ਵਜੇ ਤੱਕ ਜਾਰੀ ਰਹੇਗੀ। ਇਸ ਦੌਰਾਨ ਦੁਪਹਿਰ 1 ਤੋਂ 2.30 ਵਜੇ ਤੱਕ ਬਰੇਕ ਰਹੇਗੀ। ਚੋਣ ਕਮੇਟੀ ਅਨੁਸਾਰ ਵੋਟਾਂ ਦੀ ਗਿਣਤੀ ਰਾਤ 9 ਵਜੇ ਸ਼ੁਰੂ ਹੋਵੇਗੀ ਅਤੇ ਅੰਤਿਮ ਨਤੀਜੇ 6 ਨਵੰਬਰ ਨੂੰ ਐਲਾਨੇ ਜਾਣਗੇ।
ਕੇਂਦਰੀ ਕਮੇਟੀ ਵਿੱਚ ਚਾਰ ਮੁੱਖ ਅਹੁਦਿਆਂ- ਪ੍ਰਧਾਨ, ਉਪ-ਪ੍ਰਧਾਨ, ਜਨਰਲ ਸਕੱਤਰ ਅਤੇ ਸੰਯੁਕਤ ਸਕੱਤਰ ਲਈ 20 ਉਮੀਦਵਾਰ ਮੈਦਾਨ ਵਿੱਚ ਹਨ। ਮੁੱਖ ਮੁਕਾਬਲਾ ਖੱਬੇ ਪੱਖੀ ਗੱਠਜੋੜ (Left Unity) ਤੇ ਆਰਐੱਸਐੱਸ ਦੀ ਹਮਾਇਤ ਵਾਲੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਵਿਚਾਲੇ ਹੈ। Left Unity ਵਿਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (AISA), ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (SFI) ਅਤੇ ਡੈਮੋਕਰੈਟਿਕ ਸਟੂਡੈਂਟਸ ਫੈਡਰੇਸ਼ਨ (DSF) ਸ਼ਾਮਲ ਹਨ, ਜਿਨ੍ਰਾਂ ਨੇ ਅਦਿੱਤੀ ਮਿਸ਼ਰਾ ਨੂੰ ਪ੍ਰਧਾਨ, ਕਿਜ਼ਾਕੂਟ ਗੋਪਿਕਾ ਬਾਬੂ ਨੂੰ ਉਪ ਪ੍ਰਧਾਨ, ਸੁਨੀਲ ਯਾਦਵ ਨੂੰ ਜਨਰਲ ਸਕੱਤਰ ਤੇ ਦਾਨਿਸ਼ ਅਲੀ ਨੂੰ ਸੰਯੁਕਤ ਸਕੱਤਰ ਦੇ ਅਹਦੇ ਲਈ ਮੈਦਾਨ ਵਿਚ ਉਤਾਰਿਆ ਹੈ। ਏਬੀਵੀਪੀ ਨੇ ਪ੍ਰਧਾਨ ਲਈ ਵਿਕਾਸ ਪਟੇਲ, ਉਪ ਪ੍ਰਧਾਨ ਲਈ ਤਾਨਿਆ ਕੁਮਾਰੀ, ਜਨਰਲ ਸਕੱਤਰ ਲਈ ਰਾਜੇਸ਼ਵਰ ਕਾਂਤ ਦੂਬ ਤੇ ਸੰਯੁਕਤ ਸਕੱਤਰ ਲਈ ਅਨੁਜ ’ਤੇ ਦਾਅ ਖੇਡਿਆ ਹੈ।
ਏਬੀਵੀਪੀ ਨੇ ਐਤਕੀਂ ‘ਕਾਰਗੁਜ਼ਾਰੀ ਅਤੇ ਰਾਸ਼ਟਰਵਾਦ’ ਦੇ ਵਿਸ਼ੇ ’ਤੇ ਪ੍ਰਚਾਰ ਕੀਤਾ ਹੈ, ਜਦੋਂ ਕਿ ਖੱਬੇ ਪੱਖੀ ਧੜੇ ਨੇ ਵਿਦਿਆਰਥੀ ਦੀ ਭਲਾਈ ’ਤੇ ਜ਼ੋਰ ਦਿੱਤਾ ਹੈ। ਚੋਣ ਕਮੇਟੀ ਨੇ ਕਿਹਾ ਕਿ ਇਸ ਸਾਲ ਕਰੀਬ 9,043 ਵਿਦਿਆਰਥੀ ਵੋਟ ਪਾਉਣ ਦੇ ਯੋਗ ਹਨ। ਕੇਂਦਰੀ ਪੈਨਲ ਲਈ ਕਰੀਬ 30 ਪ੍ਰਤੀਸ਼ਤ ਅਤੇ ਸਕੂਲ ਕੌਂਸਲਰ ਦੇ ਅਹੁਦਿਆਂ ਲਈ 25 ਫੀਸਦ ਨਾਮਜ਼ਦਗੀਆਂ ਮਹਿਲਾ ਉਮੀਦਵਾਰਾਂ ਦੀਆਂ ਹਨ। ਪਿਛਲੇ ਸਾਲ AISA ਦੇ ਨਿਤੀਸ਼ ਕੁਮਾਰ ਨੇ ਪ੍ਰਧਾਨ ਦਾ ਅਹੁਦਾ ਜਿੱਤਿਆ ਸੀ, ਜਦੋਂ ਕਿ ਏਬੀਵੀਪੀ ਦੇ ਵੈਭਵ ਮੀਣਾ ਨੇ ਸੰਯੁਕਤ ਸਕੱਤਰ ਦਾ ਅਹੁਦਾ ਪ੍ਰਾਪਤ ਕੀਤਾ ਸੀ।

