‘Vote theft’ Allegations: Lokniti-CSDS ਵੱਲੋਂ ਡੇਟਾ ਗਲਤੀ ਮੰੰਨੇ ਜਾਣ ਪਿੱਛੋਂ ਭਾਜਪਾ ਦਾ ਰਾਹੁਲ ਗਾਂਧੀ ’ਤੇ ਮੋੜਵਾਂ ਹਮਲਾ
ਭਾਜਪਾ ਆਈਟੀ ਵਿਭਾਗ ਦੇ ਇੰਚਾਰਜ ਅਮਿਤ ਮਾਲਵੀਆ ਨੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ "ਵੋਟ ਚੋਰੀ" ਦੇ ਲਾਏ ਗਏ ਦੋਸ਼ਾਂ ਲਈ ਮੰਗਲਵਾਰ ਨੂੰ ਉਦੋਂ ਨਿੰਦਾ ਕੀਤੀ ਜਦੋਂ ਲੋਕਨੀਤੀ-ਸੀਐਸਡੀਐਸ ਦੇ ਸਹਿ-ਨਿਰਦੇਸ਼ਕ ਸੰਜੇ ਕੁਮਾਰ (Lokniti-CSDS co-director Sanjay Kumar) ਨੇ ਆਪਣੀ ਐਕਸ ਪੋਸਟ ਵਿੱਚ ਪੇਸ਼ ਕੀਤੇ ਗਏ ਡੇਟਾ ਵਿੱਚ ਗਲਤੀ ਹੋਣ ਦੀ ਗੱਲ ਆਖਦਿਆਂ ਇਸ ਲਈ ਮੁਆਫੀ ਮੰਗੀ।
ਅਮਿਤ ਮਾਲਵੀਆ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਨੇ ਲੋਕਨੀਤੀ-ਸੀਐਸਡੀਐਸ ਦੇ ਡੇਟਾ ਦੀ ਵਰਤੋਂ ਕੀਤੀ, ਜਿਸ ਨੇ ਹੁਣ ਮੰਨਿਆ ਹੈ ਕਿ ਡੇਟਾ ਪੜ੍ਹਦੇ ਸਮੇਂ ਇੱਕ ਗਲਤੀ ਹੋਈ ਹੈ।
ਇੱਕ X ਪੋਸਟ ਸਾਂਝੀ ਕਰਦਿਆਂ ਮਾਲਵੀਆ ਨੇ ਲਿਖਿਆ, "ਉਹ ਸੰਸਥਾ ਜਿਸ ਦੇ ਡੇਟਾ 'ਤੇ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਵੋਟਰਾਂ ਨੂੰ ਬਦਨਾਮ ਕਰਨ ਲਈ ਭਰੋਸਾ ਕੀਤਾ ਸੀ, ਹੁਣ ਸਵੀਕਾਰ ਕਰ ਚੁੱਕੀ ਹੈ ਕਿ ਉਸਦੇ ਅੰਕੜੇ ਗਲਤ ਸਨ - ਨਾ ਸਿਰਫ਼ ਮਹਾਰਾਸ਼ਟਰ 'ਤੇ ਸਗੋਂ SIR 'ਤੇ ਵੀ। ਇਸ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਕਿੱਥੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ? ਜਿਸ ਨੇ ਬੇਸ਼ਰਮੀ ਨਾਲ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾਇਆ ਅਤੇ ਅਸਲੀ ਵੋਟਰਾਂ ਨੂੰ ਨਕਲੀ ਦੱਸਣ ਤੱਕ ਗਿਆ? ਸ਼ਰਮਨਾਕ।"
ਬਿਹਾਰ ਵਿਚ ਰਾਹੁਲ ਦੀ 'ਵੋਟਰ ਅਧਿਕਾਰ ਯਾਤਰਾ' ਨੂੰ "ਘੁਸਪੈਠੀਏ ਨੂੰ ਬਚਾਓ ਯਾਤਰਾ" ਕਰਾਰ ਦਿੰਦਿਆਂ ਭਾਜਪਾ ਆਗੂ ਨੇ ਇਸ ਯਾਤਰਾ ਨੂੰ ਰੋਕਣ ਅਤੇ ਕਾਂਗਰਸ ਨੂੰ ਇਸ ਸਭ ਕਾਸੇ ਲਈ ਮੁਆਫੀ ਮੰਗਣ ਲਈ ਕਿਹਾ। ਉਨ੍ਹਾਂ ਲਿਖਿਆ: "ਰਾਹੁਲ ਗਾਂਧੀ ਨੂੰ ਬਿਹਾਰ ਵਿੱਚ ਆਪਣੀ "ਘੁਸਪੈਠੀਏ ਬਚਾਓ ਯਾਤਰਾ" ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ ਅਤੇ ਆਪਣੀ ਬੇਰਹਿਮ ਅਤੇ ਪਿਛਾਂਹਖਿੱਚੂ ਰਾਜਨੀਤੀ ਲਈ ਭਾਰਤ ਦੇ ਲੋਕਾਂ ਤੋਂ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ।"
ਇਸ ਤੋਂ ਪਹਿਲਾਂ ਲੋਕਨੀਤੀ-ਸੀਐਸਡੀਐਸ ਦੇ ਸਹਿ-ਨਿਰਦੇਸ਼ਕ ਨੇ ਲਿਖਿਆ, "ਮੈਂ ਮਹਾਰਾਸ਼ਟਰ ਚੋਣਾਂ ਸਬੰਧੀ ਪੋਸਟ ਕੀਤੇ ਗਏ ਟਵੀਟਾਂ ਲਈ ਦਿਲੋਂ ਮੁਆਫੀ ਮੰਗਦਾ ਹਾਂ। 2024 ਦੇ ਲੋਕ ਸਭਾ ਅਤੇ 2024 ਏਐਸ ਦੇ ਡੇਟਾ ਦੀ ਤੁਲਨਾ ਕਰਦੇ ਸਮੇਂ ਗਲਤੀ ਹੋਈ।’’
ਉਨ੍ਹਾਂ ਕਿਹਾ, ‘‘ਸਾਡੀ ਡੇਟਾ ਟੀਮ ਵੱਲੋਂ ਕਤਾਰ ਵਿੱਚ ਡੇਟਾ ਨੂੰ ਗਲਤ ਪੜ੍ਹਿਆ ਗਿਆ ਸੀ। ਇਸ ਕਾਰਨ ਟਵੀਟ ਨੂੰ ਹਟਾ ਦਿੱਤਾ ਗਿਆ ਹੈ। ਮੇਰਾ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਫੈਲਾਉਣ ਦਾ ਕੋਈ ਇਰਾਦਾ ਨਹੀਂ ਸੀ।"