ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਪੀਤਮ ਪੁਰਾ ਵਿੱਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਵਿੱਚ ਕਾਲਜ ਦੀ ਧਾਰਮਕ ਸਭਾ ‘ਵਿਸਮਾਦ’ ਦੇ ਵਿਦਿਆਰਥੀਆਂ ਨੇ ਕੀਰਤਨ ਕੀਤਾ। ਉਪਰੰਤ ਗੁਰਦੁਆਰਾ ਬੰਗਲਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਜੀਤ ਸਿੰਘ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਵਿੱਚ ਪਹਾੜੀ ਰਾਗਾਂ ਜਿਹੀਆਂ ਵਿਸਰਦੀਆਂ ਜਾ ਰਹੀਆਂ ਬੰਦਿਸ਼ਾਂ ਤਹਿਤ ਗੁਰਬਾਣੀ ਕੀਰਤਨ ਕੀਤਾ ਗਿਆ। ਸਮਾਗਮ ਦੀ ਸਮਾਪਤੀ ਉਪਰੰਤ ਕਾਲਜ ਦੇ ਚੇਅਰਮੈਨ ਐੱਮ ਪੀ ਐੱਸ ਚੱਢਾ ਨੇ ਗੁਰੂ ਸਾਹਿਬ ਦੀਆਂ ਯਾਤਰਾਵਾਂ ਦੇ ਹਵਾਲੇ ਨਾਲ ਕਿਹਾ ਕਿ ਸਿੱਖ ਕਿਰਦਾਰ ਦੀ ਗੂੰਜ ਵਿਸ਼ਵ ਭਰ ਵਿੱਚ ਪੈ ਰਹੀ ਹੈ, ਜਿਸ ਦੀ ਬਿਹਤਰੀ ਗੁਰਮਤਿ ਆਸ਼ੇ ਨਾਲ ਜੁੜ ਕੇ ਹੀ ਸੰਭਵ ਹੈ। ਕਾਲਜ ਪ੍ਰਿੰਸੀਪਲ ਜਤਿੰਦਰਬੀਰ ਸਿੰਘ ਨੇ ਕਿਹਾ ਕਿ ‘ਵਿਸਮਾਦ’ ਆਤਮ-ਨਿਰਭਰ ਤੌਰ ’ਤੇ ਸਭ ਸਮਾਗਮ ਉਲੀਕਦੀ ਹੈ ਤੇ ਸਫਲਤਾ ਨਾਲ ਨੇਪਰੇ ਵੀ ਚਾੜ੍ਹਦੀ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ‘ਵਿਸਮਾਦ’ ਕਾਲਜ ਦੇ ਹਰ ਵਿਦਿਆਰਥੀ ਅਤੇ ਮੈਂਬਰ ਅੰਦਰ ਗੁਰਮਤਿ ਰਹਿਣੀ ਕਾਇਮ ਕਰਨ ਦਾ ਨਿਰੰਤਰ ਯਤਨ ਕਰਦੀ ਰਹੇਗੀ ਤੇ ਇਸ ਮੰਤਵ ਲਈ ਹੋਰ ਵੀ ਪ੍ਰੋਗਰਾਮ ਉਲੀਕਦੀ ਰਹੇਗੀ।
ਇਸ ਮੌਕੇ ਐੱਮ ਪੀ ਐੱਸ ਚੱਢਾ, ਪ੍ਰਿੰਸੀਪਲ ਜਤਿੰਦਰਬੀਰ ਸਿੰਘ ਅਤੇ ਕਾਲਜ ਦੀ ਗਵਰਨਿੰਗ ਬਾਡੀ ਮੈਂਬਰ ਕੇ ਐੱਸ ਸੇਠੀ ਨੇ ‘ਵਿਸਮਾਦ’ ਦੀ ਕਨਵੀਨਰ ਡਾ. ਦੀਪਾ ਕੁਮਾਰ ਅਤੇ ਸਹਿ-ਕਨਵੀਨਰ ਜੋਤੀ ਕੌਰ ਦਾ ਸਨਮਾਨ ਕੀਤਾ ਅਤੇ ਇਨ੍ਹਾਂ ਦੇ ਕਾਰਜ ਦੀ ਸ਼ਲਾਘਾ ਵੀ ਕੀਤੀ।

