Viral Video: ਜਦੋਂ ਕੈਬ ਡਰਾਈਵਰ ਨੇ ਪੁਲੀਸ ਤੋਂ ਬਚਣ ਲਈ ਮੁਸਾਫ਼ਰ ਪਰਿਵਾਰ ਨੂੰ ਟੈਕਸੀ ’ਚ ਬੰਧਕ ਬਣਾਇਆ
ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਨੋਇਡਾ ਪੁਲੀਸ ਨੇ ਇਕ ਟੈਕਸੀ ਡਰਾਈਵਰ ਨੂੰ ਜਾਣਬੁੱਝ ਕੇ ਬੈਰੀਕੇਡਾਂ/ਪੁਲੀਸ ਨਾਕਿਆਂ ਨੂੰ ਟੱਪਣ ਅਤੇ ਕਾਰ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਭਜਾਉਣ ਅਤੇ ਨਾਲ ਹੀ ਅਜਿਹਾ ਕਰਨ ਲਈ ਕਾਰ ਵਿਚ ਸਵਾਰ ਪਰਿਵਾਰ ਨੂੰ "ਬੰਧਕ" ਬਣਾਉਣ ਦੇ ਦੋਸ਼ ਹੇਠ ਇੱਕ ਕੈਬ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਉਸ ਨੇ ਪੁਲੀਸ ਦੀ ਪਕੜ ਤੋਂ ਬਚਣ ਲਈ ਹੀ ਪਰਿਵਾਰ ਨੂੰ ਬੰਧਕ ਬਣਾਇਆ ਸੀ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਜਦੋਂ ਉਹ ਨਾਕੇ ਤੋੜਦਿਆਂ ਕਾਰ ਤੇਜ਼ ਰਫ਼ਤਾਰ ਨਾਲ ਭਜਾ ਰਿਹਾ ਸੀ ਤਾਂ ਪਿੱਛੇ ਪੀਸੀਆਰ ਸਾਇਰਨ ਵੱਜ ਰਹੇ ਹਨ, ਇੱਕ ਚਾਰ ਸਾਲ ਦੀ ਡਰੀ ਹੋਈ ਕੁੜੀ ਰੋ ਰਹੀ ਹੈ ਅਤੇ ਉਸਦੇ ਮਾਪੇ ਡਰਾਈਵਰ ਨੂੰ ਗੱਡੀ ਰੋਕਣ ਲਈ ਅਰਜੋਈਆਂ ਕਰ ਰਹੇ ਸਨ। ਪਰਿਵਾਰ ਵੱਲੋਂ ਚੌਕਸੀ ਤੋਂ ਕੰਮ ਲੈਂਦਿਆਂ ਇਸ ਪ੍ਰੇਸ਼ਾਨਕੁਨ ਦੀ ਘਟਨਾ ਬਣਾ ਲਈ ਗਈ ਸੀ।
ਨੋਇਡਾ ਫੇਜ਼ 3 ਪੁਲੀਸ ਨੇ ਕਿਹਾ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਦੇ ਕਬਜ਼ੇ ਵਿੱਚੋਂ ਦੋ ਆਧਾਰ ਕਾਰਡ ਮਿਲੇ ਹਨ - ਇੱਕ 'ਨਸੀਮ' ਅਤੇ ਦੂਜਾ 'ਸੋਨੂੰ' ਦੇ ਨਾਮ 'ਤੇ।
ਇਹ ਘਟਨਾ ਬੀਤੇ ਵੀਰਵਾਰ ਨੂੰ ਵਾਪਰੀ। ਬਾਅਦ ਦੁਪਹਿਰ ਮਰੀਬ 1.30 ਵਜੇ ਸੰਜੇ ਮੋਹਨ ਨੇ ਗ੍ਰੇਟਰ ਨੋਇਡਾ ਸਥਿਤ ਆਪਣੇ ਘਰ ਤੋਂ ਦਿੱਲੀ ਦੇ ਕਨਾਟ ਪਲੇਸ ਲਈ ਇੱਕ ਕੈਬ ਬੁੱਕ ਕੀਤੀ। ਮੋਹਨ, ਉਸਦੀ ਪਤਨੀ ਅਤੇ ਉਨ੍ਹਾਂ ਦੀ ਚਾਰ ਸਾਲਾ ਧੀ ਕੈਬ ਵਿੱਚ ਬੈਠ ਗਏ ਅਤੇ ਆਪਣਾ ਸਫ਼ਰ ਸ਼ੁਰੂ ਕੀਤੀ।
ਪੁਲੀਸ ਨੇ ਦੱਸਿਆ ਕਿ ਨੋਇਡਾ ਦੇ ਪਾਰਥਲਾ ਪੁਲ 'ਤੇ ਪੁਲੀਸ ਨੇ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਨਾਕਾ ਟੱਪ ਕੇ ਤੇਜ਼ ਰਫ਼ਤਾਰ ਨਾਲ ਭੱਜ ਗਿਆ। ਡਰਾਈਵਰ ਦੀ ਇਸ ਅਣਕਿਆਸੀ ਹਰਕਤ ਤੋਂ ਹੈਰਾਨ ਹੋ ਕੇ ਜੋੜੇ ਨੇ ਉਸਨੂੰ ਕਾਰ ਰੋਕਣ ਅਤੇ ਉਨ੍ਹਾਂ ਨੂੰ ਉਤਾਰਨ ਲਈ ਬੇਨਤੀ ਕੀਤੀ। ਪਰ ਮੁਲਜ਼ਮ ਨੇ ਉਨ੍ਹਾਂ ਦੀ ਕੋਈ ਗੱਲ ਨਾ ਸੁਣੀ ਅਤੇ ਪੀਸੀਆਰ ਵੈਨ ਤੋਂ ਬਚਣ ਲਈ ਕਈ ਕਿਲੋਮੀਟਰ ਤੱਕ ਤੇਜ਼ ਰਫ਼ਤਾਰ ਨਾਲ ਗੱਡੀ ਭਜਾਉਣੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਪਰਿਵਾਰ ਮਿੰਨਤਾਂ ਕਰਦਾ ਰਿਹਾ ਅਤੇ ਜਦੋਂ ਡਰਾਈਵਰ ਪੁਲੀਸ ਟੀਮ ਨੂੰ ਪਛਾੜਨ ਵਿੱਚ ਕਾਮਯਾਬ ਹੋ ਗਿਆ, ਤਾਂ ਉਸਨੇ ਟੀਪੀ ਨਗਰ ਵਿਖੇ ਕੁਝ ਸਕਿੰਟਾਂ ਲਈ ਗੱਡੀ ਰੋਕ ਦਿੱਤੀ। ਜਿਉਂ ਹੀ ਪਰਿਵਾਰ ਹੇਠਾਂ ਉਤਰਿਆ ਤਾਂ ਉਹ ਫਿਰ ਭੱਜ ਗਿਆ।
ਪੂਰੀ ਘਟਨਾ ਪਰਿਵਾਰ ਵੱਲੋਂ ਰਿਕਾਰਡ ਕੀਤੀ ਗਈ। ਇਹ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ, ਜਿਸ ਸਦਕਾ ਅਧਿਕਾਰੀਆਂ ਨੇ ਮੁਲਜ਼ਮ ਦੀ ਪਛਾਣ ਕੀਤੀ ਤੇ ਉਸ ਨੂੰ ਕਾਬੂ ਕਰ ਲਿਆ।
ਸੈਂਟਰਲ ਨੋਇਡਾ ਦੇ ਡੀਸੀਪੀ ਸ਼ਕਤੀ ਮੋਹਨ ਅਵਸਥੀ ਨੇ ਕਿਹਾ, "ਇੱਕ ਕੈਬ ਡਰਾਈਵਰ ਦੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦਾ ਇੱਕ ਵੀਡੀਓ 14 ਅਗਸਤ ਨੂੰ ਵਾਇਰਲ ਹੋਇਆ ਸੀ। ਪੁਲੀਸ ਨੇ ਉਸ ਵਿਰੁੱਧ ਫੇਜ਼ 3 ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਅਤੇ ਬਾਅਦ ਵਿੱਚ ਡਰਾਈਵਰ, ਜਿਸ ਦੀ ਪਛਾਣ ਨਸੀਮ ਵਜੋਂ ਹੋਈ ਹੈ, ਨੂੰ ਸਹਾਰਾ ਕੱਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।"
ਉਨ੍ਹਾਂ ਕਿਹਾ, "ਵੈਗਨ ਆਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ 29,500 ਰੁਪਏ ਦਾ ਚਲਾਨ ਜਾਰੀ ਕੀਤਾ ਗਿਆ ਹੈ।" ਮੁਸਾਫ਼ਰ ਮੋਹਨ ਦੇ ਅਨੁਸਾਰ ਉਸ ਦੀ ਪਤਨੀ ਦੇ ਹੱਥ ਵਿੱਚ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲੀਸ ਅਧਿਕਾਰੀ ਮੁਤਾਬਕ ਮੁਲਜ਼ਮ ਖ਼ਿਲਾਫ਼ ਬੀਐਨਐਸ ਧਾਰਾ 137(2) (ਅਗਵਾ), 127 (2) (ਬੰਧਕ ਬਣਾਉਣਾ), 281 (ਲਾਪ੍ਰਵਾਹੀ ਨਾਲ ਗੱਡੀ ਚਲਾਉਣਾ), 319 (ਰੂਪ ਦਿਖਾ ਕੇ ਧੋਖਾਧੜੀ), 318 (4) (ਧੋਖਾਧੜੀ), 336 (2) (ਜਾਅਲਸਾਜ਼ੀ) ਆਦਿ ਤਹਿਤ ਫੇਜ਼ 3 ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ।