ਦੇਸ਼ ਦੇ ਵਿਕਾਸ ’ਚ ਪਿੰਡਾਂ ਦੀ ਬਹੁਤ ਅਹਿਮੀਅਤ: ਰੇਖਾ ਗੁਪਤਾ
ਮੁੱਖ ਮੰਤਰੀ ਵੱਲੋਂ ਗ੍ਰਾਮੋਦਿਆ ਅਭਿਆਨ ਤਹਿਤ ਕੰਮਾਂ ਦੀ ਸ਼ੁਰੂਆਤ
ਗ੍ਰਾਮੋਦਿਆ ਅਭਿਆਨ ਤਹਿਤ ਕੰਮਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਜੇਕਰ ਦੇਸ਼ ਦਾ ਵਿਕਾਸ ਕਰਨਾ ਹੈ, ਤਾਂ ਸਿਰਫ਼ ਸ਼ਹਿਰ ਦਾ ਵਿਕਾਸ ਕਰਨਾ ਕਾਫ਼ੀ ਨਹੀਂ ਹੋਵੇਗਾ, ਪਿੰਡਾਂ ਦਾ ਵਿਕਾਸ ਵੀ ਜ਼ਰੂਰੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨਵਾਂ ਮਾਸਟਰ ਪਲਾਨ ਅਜਿਹਾ ਹੋਣਾ ਚਾਹੀਦਾ ਹੈ ਕਿ ਇਹ ਨਾ ਸਿਰਫ਼ ਮੌਜੂਦਾ ਵਿਕਾਸ ਸਬੰਧੀ ਮੁੱਦਿਆਂ ਦੇ ਹੱਲ ਪੇਸ਼ ਕਰੇ, ਸਗੋਂ ਅਗਲੇ ਸੌ ਸਾਲਾਂ ਲਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਲਾਭ ਪਹੁੰਚਾਏ। ਇਹ ਜਾਣਕਾਰੀ ਦਿੰਦੇ ਹੋਏ ਕਿ ਦਿੱਲੀ ਵਿਕਾਸ ਅਥਾਰਿਟੀ ਮਾਸਟਰ ਪਲਾਨ ਤਿਆਰ ਕਰ ਰਹੀ ਹੈ, ਮੁੱਖ ਮੰਤਰੀ ਨੇ ਕਿਹਾ ਕਿ ਇਹ ਜਲਦ ਹੀ ਜਾਰੀ ਹੋਣਾ ਚਾਹੀਦਾ ਹੈ। ਦਿੱਲੀ ਸਰਕਾਰ ਸ਼ਹਿਰ ਦੇ ਲੋਕਾਂ ਦੇ ਹਿੱਤਾਂ ਦੀ ਪੂਰਤੀ ਕਰਨ ਵਾਲੀ ਕਿਸੇ ਵੀ ਚੀਜ਼ ਲਈ ਇੱਕ ਕੋਰੇ ਕਾਗਜ਼ ’ਤੇ ਆਪਣੀ ਪ੍ਰਵਾਨਗੀ ਦੇਣ ਲਈ ਤਿਆਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਫਰਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ, ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਬੁਲਾਇਆ ਅਤੇ ਮਾਸਟਰ ਪਲਾਨ 2041 ਦੇ ਖਰੜੇ ਬਾਰੇ ਜਾਣਿਆ, ਜੋ ਕਿ ਕਈ ਸਾਲਾਂ ਤੋਂ ਤਿਆਰ ਕੀਤਾ ਜਾ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਅਧਿਕਾਰੀਆਂ ਨੂੰ ਲੋਕਾਂ ਦੇ ਹਿੱਤਾਂ ਦੀ ਪੂਰਤੀ ਕਰਨ ਵਾਲੀ ਇੱਕ ਠੋਸ ਮਾਸਟਰ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਜਲਦ ਲਾਗੂ ਕੀਤਾ ਜਾਵੇਗਾ ਮਾਸਟਰ ਪਲਾਨ: ਐੱਲ ਜੀ ਸਕਸੈਨਾ
ਇਸ ਦੌਰਾਨ ਐੱਲ ਜੀ ਸਕਸੈਨਾ ਨੇ ਕਿਹਾ ਕਿ ਸਾਡਾ ਪੂਰਾ ਧਿਆਨ ਮਾਸਟਰ ਪਲਾਨ ’ਤੇ ਹੈ ਅਤੇ ਇਸ ਨੂੰ ਜਲਦ ਤੋਂ ਜਲਦ ਲਾਗੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਦਿੱਲੀ ਗ੍ਰਾਮੋਦਿਆ ਅਭਿਆਨ’ 2023 ਵਿੱਚ ਸ਼ੁਰੂ ਕੀਤਾ ਗਿਆ ਸੀ। ਦਿੱਲੀ ਸਰਕਾਰ ਕੋਲ ਪਏ 960 ਕਰੋੜ ਦੇ ਫੰਡ ਨੂੰ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਡੀ ਡੀ ਏ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਸੀ। ਐੱਲ ਜੀ ਨੇ ਕਿਹਾ ਕਿ ਕੁੱਲ 960 ਕਰੋੜ ਰੁਪਏ ਦੇ ਫੰਡ ਵਿੱਚੋਂ 760 ਕਰੋੜ ਰੁਪਏ ਦੇ ਪ੍ਰਾਜੈਕਟ ਪੂਰੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਵਿੱਚ 13 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਹੋਏ 50 ਪਿੰਡਾਂ ਵਿੱਚ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਮੁੱਖ ਮੰਤਰੀ ਨੇ ਰਾਸ਼ਟਰੀ ਰਾਜਧਾਨੀ ਦੇ ਪੇਂਡੂ ਖੇਤਰਾਂ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਗ੍ਰਾਮੋਦਿਆ ਅਭਿਆਨ ਅਧੀਨ ਵੱਖ-ਵੱਖ ਪ੍ਰੋਜੈਕਟਾਂ ਪਿੱਛੇ ਐੱਲਜੀ ਸਕਸੈਨਾ ਦੇ ਯਤਨਾਂ ਦੀ ਸ਼ਲਾਘਾ ਕੀਤੀ।