Video - India-China Border Row: ਸਰਹੱਦੀ ਨਿਸ਼ਾਨਦੇਹੀ ਮਾਮਲੇ ਦਾ ਪੱਕਾ ਹੱਲ ਜ਼ਰੂਰੀ: ਰਾਜਨਾਥ ਦਾ ਚੀਨ ਨੂੰ ਸੁਨੇਹਾ
ਰੱਖਿਆ ਮੰਤਰੀ ਨੇ ਚੀਨ ਦੇ ਕਿੰਗਦਾਓ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਦੌਰਾਨ ਚੀਨੀ ਹਮਰੁਤਬਾ ਐਡਮਿਰਲ ਦੋਂਗ ਜੂਨ ਨਾਲ ਕੀਤੀ ਮੁਲਾਕਾਤ
ਅਜੈ ਬੈਨਰਜੀ
ਨਵੀਂ ਦਿੱਲੀ, 27 ਜੂਨ
ਰੱਖਿਆ ਮੰਤਰੀ ਰਾਜਨਾਥ ਸਿੰਘ (Defence Minister Rajnath Singh) ਨੇ ਆਪਣੇ ਚੀਨੀ ਹਮਰੁਤਬਾ ਐਡਮਿਰਲ ਦੋਂਗ ਜੂਨ (Chinese counterpart Admiral Dong Jun) ਨਾਲ ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਨੂੰ ਸਰਹੱਦੀ ਨਿਸ਼ਾਨਦੇਹੀ ਦੇ ਮਾਮਲੇ ਦਾ 'ਪੱਕਾ ਹੱਲ' ਕੱਢਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਅਸਲ ਕੰਟਰੋਲ ਲਕੀਰ (LAC) ਦੇ ਨਾਲ ਫੌਜਾਂ ਨੂੰ ਸਥਾਈ ਤੌਰ 'ਤੇ ਫ਼ੌਜਾਂ ਦੇ ਟਕਰਾਅ ਵਾਲੀ ਸਥਿਤੀ ਨੂੰ ਪੱਕੇ ਤੌਰ ’ਤੇ ਘਟਾਉਣ (de-escalation) ਲਈ ਇੱਕ ਰੋਡਮੈਪ ਸੁਝਾਇਆ ਹੈ।
ਦੋਵੇਂ ਮੰਤਰੀਆਂ ਨੇ ਵੀਰਵਾਰ ਸ਼ਾਮ ਨੂੰ ਚੀਨ ਦੇ ਕਿੰਗਦਾਓ ਵਿੱਚ ਸ਼ੰਘਾਈ ਸਹਿਯੋਗ ਸੰਗਠਨ (Shanghai Cooperation Organisation - SCO) ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਦੌਰਾਨ ਮੁਲਾਕਾਤ ਕੀਤੀ ਸੀ। ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੋਵੇਂ ਵਜ਼ੀਰਾਂ ਨੇ ਭਾਰਤ-ਚੀਨ ਸਰਹੱਦ 'ਤੇ ਅਮਨ ਅਤੇ ਸ਼ਾਂਤੀ ਬਣਾਈ ਰੱਖਣ ਦੀ ਜ਼ਰੂਰਤ 'ਤੇ ਡੂੰਘਾਈ ਨਾਲ ਚਰਚਾ ਕੀਤੀ।
ਮੀਟਿੰਗ ਵਿੱਚ ਰਾਜਨਾਥ ਸਿੰਘ ਨੇ "ਸਰਹੱਦ ਪ੍ਰਬੰਧਨ ਅਤੇ ਇਸ ਮੁੱਦੇ 'ਤੇ ਸਥਾਪਿਤ ਵਿਧੀ ਨੂੰ ਮੁੜ ਸੁਰਜੀਤ ਕਰਕੇ ਸਰਹੱਦੀ ਹੱਦਬੰਦੀ ਦੇ ਸਥਾਈ ਹੱਲ ਦੀ ਲੋੜ 'ਤੇ ਜ਼ੋਰ ਦਿੱਤਾ।"
ਰਾਜਨਾਥ ਸਿੰਘ ਨੇ ਅਸਲ ਕੰਟਰੋਲ ਲਕੀਰ (Line of Actual Control - LAC) 'ਤੇ ਗੁੰਝਲਦਾਰ ਮੁੱਦਿਆਂ ਨੂੰ ਹੱਲ ਕਰਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਮੰਤਰੀ ਨੇ ਅੱਗੇ ਕਿਹਾ, "ਸਥਾਈ ਸ਼ਮੂਲੀਅਤ ਅਤੇ ਡੀ-ਐਸਕੇਲੇਸ਼ਨ ਦਾ ਇੱਕ ਢਾਂਚਾਗਤ ਰੋਡਮੈਪ ਹੋਣਾ ਜ਼ਰੂਰੀ ਹੈ।"
ਰੱਖਿਆ ਮੰਤਰੀ ਨੇ ਪੂਰਬੀ ਲੱਦਾਖ ਵਿੱਚ LAC ਦੇ ਨਾਲ ਅਪਰੈਲ 2020 ਦੇ ਫੌਜੀ ਟਕਰਾਅ ਦਾ ਹਵਾਲਾ ਦਿੱਤਾ ਅਤੇ ਇਸ ਤੋਂ ਬਾਅਦ ਜ਼ਮੀਨੀ ਕਾਰਵਾਈ ਕਰਕੇ ਆਪਸੀ ਭਰੋਸੇ ਨੂੰ ਲੱਗੇ ਖੋਰੇ ਨੂੰ ਪੂਰਾ ਕਰਨ ਦਾ ਸੱਦਾ ਦਿੱਤਾ। ਦੋਵਾਂ ਮੰਤਰੀਆਂ ਨੇ ਦੁਵੱਲੇ ਸਬੰਧਾਂ ਵਿੱਚ ਆਮ ਸਥਿਤੀ ਵਾਪਸ ਲਿਆਉਣ ਲਈ ਦੋਵਾਂ ਧਿਰਾਂ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਸਵੀਕਾਰ ਕੀਤਾ।