Vice President candidate: ‘ਇੰਡੀਆ’ ਬਲਾਕ ਵੱਲੋਂ ਉਪ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਦਾ ਐਲਾਨ
ਵਿਰੋਧੀ ਪਾਰਟੀਆਂ ਦੇ ‘ਇੰਡੀਆ’ (India) ਗੱਠਜੋੜ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ ਸੁਦਰਸ਼ਨ ਰੈਡੀ (Former Supreme Court judge B Sudershan Reddy) ਨੂੰ ਉਪ ਰਾਸ਼ਟਰਪਤੀ ਦੀ ਚੋਣ ਲਈ ਆਪਣਾ ਉਮੀਦਵਾਰ ਐਲਾਨਿਆ ਹੈ। ਜਸਟਿਸ ਰੈਡੀ ਦੇਸ਼ ਦੇ ਇਸ ਅਹਿਮ ਸੰਵਿਧਾਨਿਕ ਅਹੁਦੇ ਲਈ 9 ਸਤੰਬਰ ਨੂੰ ਹੋਣ ਵਾਲੀ ਚੋਣ ਵਾਸਤੇ ਹਾਕਮ ਗੱਠਜੋੜ ਐਨਡੀਏ ਦੇ ਉਮੀਦਵਾਰ ਤੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ (CP Radhakrishnan) ਨੂੰ ਟੱਕਰ ਦੇਣਗੇ।
ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਰੈਡੀ ਦੇ ਨਾਮ ਨੂੰ ਮੰਗਲਵਾਰ ਸਵੇਰੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ 'ਤੇ ਹੋਈ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿੱਚ ਉਪ ਰਾਸ਼ਟਰਪਤੀ ਉਮੀਦਵਾਰ ਵਜੋਂ ਅੰਤਿਮ ਰੂਪ ਦਿੱਤਾ ਗਿਆ।
ਕਾਂਗਰਸ ਪ੍ਰਧਾਨ ਖੜਗੇ ਨੇ ਰੈਡੀ ਦੇ ਨਾਮ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਸੰਵਿਧਾਨਕ ਕਦਰਾਂ-ਕੀਮਤਾਂ ਲਈ ਖੜ੍ਹੇ ਰਹੇ ਹਨ। ਵਿਰੋਧੀ ਧਿਰ ਦੇ ਸਾਰੇ ਸੰਸਦ ਮੈਂਬਰ ਬੁੱਧਵਾਰ ਨੂੰ ਬਾਅਦ ਦੁਪਹਿਰ 1 ਵਜੇ ਪੁਰਾਣੇ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਮਿਲਣਗੇ ਤਾਂ ਜੋ ਨਾਮਜ਼ਦ ਉਮੀਦਵਾਰ ਨੂੰ ਰਸਮੀ ਤੌਰ 'ਤੇ ਪੇਸ਼ ਕੀਤਾ ਜਾ ਸਕੇ।
ਟੀਐਮਸੀ ਨੇਤਾ ਡੇਰੇਕ ਓ'ਬ੍ਰਾਇਨ ਨੇ ਪੁਸ਼ਟੀ ਕੀਤੀ ਕਿ ਆਮ ਆਦਮੀ ਪਾਰਟੀ ਵੀ ਇਸ ਫੈਸਲੇ ਨਾਲ ਸਹਿਮਤ ਹੈ। ਉਪ ਰਾਸ਼ਟਰਪਤੀ ਚੋਣ ਲਈ ਰੈਡੀ ਦੀ ਨਾਮਜ਼ਦਗੀ 21 ਅਗਸਤ ਨੂੰ ਦਾਖ਼ਲ ਕੀਤੀ ਜਾਵੇਗੀ। - ਪੀਟੀਆਈ ਇਨਪੁਟਸ ਸਮੇਤ