ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੇਸ਼ ਦੇ ਕਈ ਹਿੱਸਿਆਂ ਵਿੱਚ ਵੱਖ ਵੱਖ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਈਮੇਲਜ਼ ਪਹੁੰਚੀਆਂ

ਕਰੀਬ ਦੋ ਮਹੀਨਿਆਂ ਤੋਂ ਆ ਰਹੀਆਂ ਬੰਬ ਦੀਆਂ ਧਮਕੀ ਭਰੀਆਂ ਈਮੇਲਜ਼ ਬਾਰੇ ਇਸ ਵਿਸਥਾਰਤ ਰਿਪੋਰਟ ਵਿਚ ਜਾਣੋ
ਮੁੰਬਈ ਵਿੱਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮ ਵੌਕਹਾਰਟ ਹਸਪਤਾਲ ਦੇ ਬਾਹਰ ਪਹਿਰਾ ਦਿੰਦੇ ਹੋਏ (PTI Photo)
Advertisement

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 19 ਜੂਨ

Advertisement

ਦੇਸ਼ ਵਿੱਚ ਵੱਖ-ਵੱਖ ਥਾਵਾਂ 'ਤੇ ਸਥਿਤ ਹਵਾਈ ਅੱਡੇ, ਹਸਪਤਾਲ, ਸਕੂਲ, ਕਾਲਜ ਯੂਨੀਵਰਸਿਟੀਆਂ ਅਤੇ ਅਜਾਇਬ ਘਰਾਂ ਨੂੰ ਬੰਬ ਦੀਆਂ ਧਮਕੀ ਭਰੀਆਂ ਈਮੇਲਜ਼ ਮਿਲ ਰਹੀਆਂ ਹਨ, ਜੋ ਕਿ ਬਾਅਦ ਵਿਚ ਝੂਠੀਆਂ ਪਾਈਆਂ ਜਾਂਦੀਆਂ ਹਨ। ਇਹ ਵਰਤਾਰਾ ਕਾਫ਼ੀ ਸਮੇਂ ਤੋਂ ਜਾਰੀ ਹੈ। ਇਨ੍ਹਾਂ ਧਮਕੀਆਂ ਕਾਰਨ ਸਕੂਲ, ਕਾਲਜ ਅਤੇ ਜਹਾਜ਼ਾਂ ਆਦਿ ਸਮੇਤ ਹੋਰ ਥਾਵਾਂ ਨੂੰ ਅਚਾਨਕ ਖ਼ਾਲੀ ਕਰਵਾਉਣਾ ਪੈ ਰਿਹਾ ਹੈ। ਇਹ ਈਮੇਲਜ਼ ਅੱਜ ਪਟਨਾ, ਵਡੋਦਰਾ, ਜੈਪੂਰ ਦੇ ਹਵਾਈ ਅੱਡਿਆਂ ਨੂੰ ਮਿਲੀਆਂ। ਇਸ ਤੋਂ ਇਲਾਵਾ ਕੋਲਕਾਤਾ ਅਤੇ ਜੈਪੂਰ ਦੀਆਂ ਕੁੱਝ ਸੰਸਥਾਵਾਂ ਨੂੰ ਵੀ ਬੰਬ ਦੀ ਧਮਕੀ ਭਰੀਆਂ ਈਮੇਲਜ਼ ਮੀਲੀਆਂ ਹਨ।

18 ਜੂਨ ਨੂੰ ਵੱਖ-ਵੱਖ ਸ਼ਹਿਰਾਂ ਵਿੱਚ ਆਈਆਂ ਈਮੇਲਜ਼

ਪਟਨਾ ਦੇ ਜੈਪ੍ਰਕਾਸ਼ ਨਾਰਾਯਨ ਕੌਮਾਂਤਰੀ ਹਵਾਈ ਅੱਡੇ ’ਤੇ ਬੰਬ ਹੋਣ ਬਾਰੇ ਬਾਅਦ ਦੁਪਹਿਰ 1.10 ਵਜੇ ਬੰਬ ਦੀ ਧਮਕੀ ਭਰੀ ਈਮੇਲ ਆਈ, ਜੋ ਕਿ ਬਾਅਦ ਵਿਚ ਝੂਠੀ ਨਿਕਲੀ। ਇਸੇ ਤਰ੍ਹਾਂ ਵਡੋਦਰਾ ਹਵਾਈ ਅੱਡੇ ਤੇ ਵੀ ਬੰਬ ਦੀ ਧਮਕੀ ਭਰੀ ਇਕ ਈਮੇਲ ਆਈ ਜਿਸ ਉਪਰੰਤ ਉਥੇ ਪੁਲੀਸ ਪ੍ਰਸ਼ਾਸਨ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਤੈਨਾਤ ਕੀਤੀ ਗਈ ਹੈ। ਉਧਰ ਜੈਪੁਰ ਹਵਾਈ ਅੱਡੇ ਦੇ ਸਟਾਫ਼ ਨੂੰ ਭੇਜੀ ਗਈ ਬੰਬ ਦੀ ਧਮਕੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਅਤੇ ਸੀਆਈਐਸਐਫ ਵੱਲੋਂ ਸਾਂਝੇ ਤੌਰ ਤੇ ਛਾਣਬੀਣ ਕੀਤੀ ਗਈ। ਇਸ ਤੋਂ ਇਲਾਵਾ ਚੇਨਈ ਤੋਂ ਮੁੰਬਈ ਜਾ ਰਹੇ ਇੰਡੀਗੋ ਦੇ ਜਹਾਜ਼ ਨੂੰ ਬੰਬ ਦੀ ਧਮਕੀ ਮਿਲੀ, ਜਿਸਨੂੰ ਰਾਤ ਕਰੀਬ 10:30 ਵਜੇ ਮੁੰਬਈ 'ਚ ਸੁਰੱਖਿਅਤ ਉਤਾਰਿਆ ਗਿਆ।

ਇਨ੍ਹਾਂ ਚਾਰ ਹਵਾਈ ਅੱਡਿਆਂ 'ਤੇ ਪੁਲੀਸ ਸਮੇਤ ਹੋਰ ਏਜੰਸੀਆਂ ਵੱਲੋਂ ਕੀਤੀ ਗਈ ਛਾਣਬੀਣ ਦੌਰਾਨ ਕੁੱਝ ਨਹੀ ਮਿਲਿਆ ਤੇ ਈਮੇਲਜ਼ ਝੂਠੀਆ ਪਾਈਆਂ ਗਈਆਂ।

ਸੋਮਵਾਰ ਨਵੀਂ ਦਿੱਲੀ ਵਿੱਚ ਹਵਾਈ ਅੱਡੇ ਦੇ ਦਫ਼ਤਰ ਨੂੰ ਵੀ ਇਸੇ ਤਰ੍ਹਾਂ ਦੀ ਮੇਲ ਮਿਲੀ ਜੋ ਬਾਅਦ ਵਿੱਚ ਝੂਠੀ ਨਿਕਲੀ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ, ‘ਸੋਮਵਾਰ ਸਵੇਰੇ 9:35 ਵਜੇ ਆਈਜੀਆਈ ਹਵਾਈ ਅੱਡੇ ਦੇ ਦਫ਼ਤਰ ਨੂੰ ਈਮੇਲ ਮਿਲੀ, ਜਿਸ ਵਿੱਚ ਦਿੱਲੀ ਤੋਂ ਦੁਬਈ ਜਾਣ ਵਾਲੀ ਫਲਾਈਟ ਵਿੱਚ ਬੰਬ ਹੋਣ ਦੀ ਧਮਕੀ ਦਿੱਤੀ ਗਈ ਸੀ।’ ਜਾਂਚ ਤੋਂ ਬਾਅਦ ਜਹਾਜ਼ ਵਿੱਚ ਕੁੱਝ ਵੀ ਨਹੀਂ ਮਿਲਿਆ।

ਯੂਨੀਵਰਸਿਟੀ ਸਮੇਤ ਹੋਰ ਸੰਸਥਾਵਾਂ ਨੂੰ ਵੀ ਆਈਆਂ ਈਮੇਲਜ਼

ਮੁੰਬਈ ਵਿਚ ਮੰਗਲਵਾਰ ਨੂੰ ਹਿੰਦੂਜਾ ਕਾਲਜ ਆਫ਼ ਕਾਮਰਸ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਮੁਆਇਨਾ ਕੀਤਾ। (ANI)

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੁੰਬਈ ਦੇ 50 ਤੋਂ ਵੱਧ ਹਸਪਤਾਲਾਂ ਨੂੰ ਬੰਬ ਦੀ ਧਮਕੀ ਭਰੀ ਈਮੇਲ ਮਿਲੀ ਸੀ। ਮੁੰਬਈ ਪੁਲੀਸ ਦੇ ਅਨੁਸਾਰ, ਭੇਜਣ ਵਾਲੇ ਨੇ ਦਾਅਵਾ ਕੀਤਾ ਕਿ ਬੰਬ ਬੈੱਡਾਂ ਦੇ ਹੇਠਾਂ ਅਤੇ ਹਸਪਤਾਲ ਦੇ ਬਾਥਰੂਮਾਂ ਵਿੱਚ ਲਗਾਏ ਗਏ ਸਨ। ਸੂਚਨਾ ਮਿਲਣ 'ਤੇ ਪੁਲੀਸ ਟੀਮ ਅਤੇ ਬੰਬ ਨਿਰੋਧਕ ਦਸਤੇ ਨੇ ਹਸਪਤਾਲ ਦੀ ਤਲਾਸ਼ੀ ਲਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।

ਕੋਲਕਾਤਾ ਦੇ ਐੱਸਐੱਸਕੇਐੱਮ ਮੈਡੀਕਲ ਕਾਲਜ ਅਤੇ ਹਸਪਤਾਲ ਸਮੇਤ ਰਬਿੰਦਰ ਭਾਰਤੀ ਯੂਨੀਵਰਸਿਟੀ ਨੂੰ ਵੀ ਅੱਜ ਈਮੇਲ ਰਾਹੀਂ ਟਾਈਮ ਬੰਬ ਹੋਣ ਦੀ ਧਮਕੀ ਮਿਲੀ। ਸੂਚਨਾ ਮਿਲਦਿਆਂ ਹੀ ਬੰਬ ਨਿਰੋਧਕ ਦਸਤੇ ਅਤੇ ਪੁਲੀਸ ਸਮੇਤ ਡੌਗ ਸਕੁਐਡ ਉਨ੍ਹਾਂ ਥਾਵਾਂ ’ਤੇ ਪੁੱਜ ਗਈ ਸੀ। ਪਰ ਮੌਕੇ ਤੋਂ ਕੀਤੀ ਛਾਣਬੀਣ ਉਪਰੰਤ ਉੱਥੋ ਅਜਿਹਾ ਕੁੱਝ ਵੀ ਬਰਾਮਦ ਨਹੀਂ ਹੋਇਆ।

ਇਸੇ ਤਰ੍ਹਾਂ ਰਾਜਸਥਾਨ ਦੇ ਜੈਪੁਰ ਵਿੱਚ ਨਿੱਜੀ ਕਾਲਜ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਸਤਰੀ ਨਗਰ ਸਥਿਤ ਐੱਸਐੱਸਜੀ ਪਾਰਿਕ ਪੀਜੀ ਕਾਲਜ ਨੂੰ ਇੱਕ ਈਮੇਲ ਮਿਲੀ ਸੀ ਜਿਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਕਾਲਜ ਦੇ ਅਹਾਤੇ ਵਿੱਚ ਬੰਬ ਲਾਇਆ ਗਿਆ ਹੈ। ਇਹ ਈਮੇਲ ਕੇਐੱਨਆਰ ਗਰੁੱਪ ਦੇ ਨਾਮ ਤੋਂ ਭੇਜੀ ਗਈ ਸੀ। ਇਹ ਉਹ ਗਰੁੱਪ ਹੈ ਜਿਸ ਨੇ ਪਿਛਲੇ ਮਹੀਨੇ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭੇਜਣ ਦੀ ਜ਼ਿੰਮੇਵਾਰੀ ਵੀ ਲਈ ਹੈ।

ਪਿਛਲੇ ਹਫ਼ਤੇ ਵੀ ਜਾਰੀ ਰਿਹਾ ਇਹ ਸਿਲਸਿਲਾ

ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਨੈਸ਼ਨਲ ਅਜਾਇਬ ਘਰ ਦੇ ਬਾਹਰ ਖੜ੍ਹੇ ਪੁਲੀਸ ਮੁਲਾਜ਼ਮ -ਪੀਟੀਆਈ

ਪਿਛਲੇ ਹਫ਼ਤੇ ਬੁੱਧਵਾਰ ਨੂੰ ਇਸੇ ਤਰ੍ਹਾਂ ਦੀ ਈਮੇਲ ਕੌਮੀ ਰਾਜਧਾਨੀ ਦੇ ਰੇਲਵੇ ਅਜਾਇਬ ਘਰ ਸਮੇਤ ਇਕ ਦਰਜਨ ਤੋਂ ਵੱਧ ਅਜਾਇਬ ਘਰਾਂ ਨੂੰ ਵੀ ਭੇਜੀਆਂ ਗਈਆਂ ਸਨ ਜੋ ਕਿ ਬਾਅਦ ਵਿੱਚ ਝੂਠੀਆਂ ਪਾਈਆਂ ਗਈਆ। ਇਸੇ ਦਿਨ ਇਕ ਈਮੇਲ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸਥਿਤ ਮਾਨਸਿਕ ਸਿਹਤ ਸੰਸਥਾ ਨੂੰ ਸਵੇਰ 10 ਭੇਜੀ ਗਈ ਜਿਸ ਵਿੱਚ ਕਿਹਾ ਗਿਆ ਸੀ ਕੁੱਝ ਸਮੇਂ ਬਾਅਦ ਬੰਬ ਫਟ ਜਾਵੇਗਾ ਅਤੇ ਸਾਰੇ ਮਾਰੇ ਜਾਣਗੇ। ਚੰਡੀਗੜ੍ਹ ਡੀਐਸਪੀ ਦਲਵੀਰ ਸਿੰਘ ਦੀ ਅਗਵਾਈ ਹੇਠ ਤਲਾਸ਼ੀ ਮੁਹਿੰਮ ਚਲਾਈ ਗਈ। ਇਨ੍ਹਾਂ ਸਭ ਥਾਵਾਂ 'ਤੇ ਤਲਾਸ਼ੀ ਉਪਰੰਤ ਪੁਲੀਸ ਨੂੰ ਕੁੱਝ ਵੀ ਨਹੀਂ ਮਿਲਿਆ।

ਪਿਛਲੇ ਮਹੀਨੇ ਵਾਪਰੀਆਂ ਘਟਨਾਵਾਂ

1 ਮਈ ਨੂੰ ਦਿਲੀ ਦੇ 100 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਸੀ। ਜਿਸ ਉਪਰੰਤ ਸ਼ਹਿਰ ਵਿੱਚ ਵੱਡੇ ਪੱਧਰ ਤੇ ਦਹਿਸ਼ਤ ਫੈਲ ਗਈ ਸੀ ਅਤੇ ਮਾਪੇ ਆਪਣੇ ਬਚਿਆਂ ਨੂੰ ਲੈਣ ਲਈ ਸਕੂਲਾਂ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਹਾਲਾਂਕਿ ਇਹ ਈਮੇਲ ਵੀ ਬਾਅਦ ਵਿੱਚ ਝੂਠੀ ਪਾਈ ਗਈ ਸੀ। ਇਸ ਦੌਰਾਨ ਵੱਖ-ਵੱਖ ਦਿਨਾਂ ਵਿੱਚ ਹਸਪਤਾਲਾਂ, ਹਵਾਈ ਅੱਡਿਆਂ ਅਤੇ ਹੋਰ ਥਾਵਾਂ ਤੇ ਵੀ ਇਹ ਝੂਠੀਆਂ ਧਮਕੀਆਂ ਜਾਰੀ ਰਹੀਆਂ।

24 ਮਾਰਚ ਨੂੰ ਚੇਨਈ ਦੀਆਂ 5 ਸਿੱਖਿਆ ਸੰਸਥਾਵਾਂ ਨੂੰ ਬੰਬ ਦੀ ਧਮਕੀ ਭਰੀ ਈਮੇਲ ਭੇਜੀਆਂ ਗਈਆਂ ਸਨ, ਜਿਥੇ ਪੁਲੀਸ ਵੱਲੋਂ ਕੀਤੀ ਗਈ ਛਾਣਬੀਣ ਉਪਰੰਤ ਇਹ ਝੂਠੀਆਂ ਪਾਈਆਂ ਗਈਆਂ। ਇਸੇ ਤਰ੍ਹਾਂ ਇਸ ਮਹੀਨੇ ਮੁੰਬਈ ਦੇ ਮੀਰਾ ਰੋਡ, ਦਿੱਲੀ ਦਾ ਕੌਮਾਂਤਰੀ ਹਵਾਈ ਅੱਡਾ, ਲਖਨਊ, ਮੱਧ ਪ੍ਰਦੇਸ਼ ਵਿਚ ਮੈਂਟਲ ਹਸਪਤਾਲ, ਪਟਨਾ ਰਾਜਭਵਨ ਸਮੇਤ ਦੇਸ਼ ਵਿੱਚ ਵੱਖ-ਵੱਖ ਥਾਵਾਂ ’ਤੇ ਬੰਬ ਹੋਣ ਦੀਆਂ ਇਹ ਧਮਕੀ ਭਰੀਆਂ ਈਮੇਲਜ਼ ਰੋਜ਼ਾਨਾ ਆ ਰਹੀਆਂ ਹਨ।

ਪੁਲੀਸ ਵੱਲੋਂ ਕਾਰਵਾਈ ਜਾਰੀ, ਗ੍ਰਿਫ਼ਤਾਰੀ 0

ਇਮਾਰਤ ਵਿੱਚ ਜਾਂਚ ਕਰਦੇ ਹੋਏ ਸੁਰੱਖਿਆ ਟੀਮਾਂ ਦੇ ਮੁਲਾਜ਼ਮ। -ਫੋਟੋ: ਪ੍ਰਦੀਪ ਤਿਵਾੜੀ

ਲਗਾਤਾਰ ਆ ਰਹੀਆਂ ਇਨ੍ਹਾਂ ਈਮੇਲਜ਼ ਨੇ ਪੁਲੀਸ ਸਮੇਤ ਹੋਰ ਏਜੰਸੀਆਂ ਦੇ ਨੂੰ ਵਾਹਣੀਂ ਪਾਇਆ ਹੋਇਆ ਹੈ। ਹੁਣ ਤੱਕ ਇਸ ਮਾਮਲੇ ਸਬੰਧੀ ਕੋਈ ਗ੍ਰਿਫ਼ਤਾਰੀ ਸਾਹਮਣੇ ਨਹੀਂ ਆਈ ਹੈ ਬਲਕਿ ਈਮੇਲਜ਼ ਆਉਣੀਆਂ ਲਗਾਤਾਰ ਜਾਰੀ ਹਨ। ਇਨ੍ਹਾਂ ਈਮੇਲਜ਼ ਦੇ ਨਾਲ ਕੇਐਨਆਰ ਗੁਰੱਪ ਦਾ ਨਾਂ ਸਾਹਮਣੇ ਆਇਆ ਹੈ ਜਿਸਨੇ ਦਿੱਲੀ ਦੇ ਸਕੂਲਾਂ ਨੂੰ ਈਮੇਲ ਭੇਜੀ ਸੀ।

ਡਾਰਕਵੈੱਬ ਰਾਹੀਂ ਆ ਰਹੀਆਂ ਈਮੇਲਜ਼

ਪੀਟੀਆਈ ਦੀ ਇਕ ਰਿਪੋਰਟ ਅਨੁਸਾਰ ਪੁਲੀਸ ਦੇ ਐਂਟੀ ਟੈਰਰ ਯੂਨਿਟ ਵੱਲੋਂ ਕੀਤੀ ਮੁਢਲੀ ਛਾਣਬੀਣ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਈਮੇਲਜ਼ ਡਾਰਕਵੈੱਬ ਰਾਹੀ ਭੇਜੀਆਂ ਜਾ ਰਹੀਆਂ ਹਨ। ਡਾਰਕਵੈੱਬ ਓਹ ਤਕਨੀਕ ਹੈ ਜੋ ਆਨਲਾਈਨ ਸਮੱਗਰੀ ਭੇਜਣ ਮੌਕੇ ਵਿਅਕਤੀਆਂ ਨੂੰ ਦੂਜਿਆਂ ਤੋਂ ਆਪਣੀ ਪਛਾਣ ਅਤੇ ਸਥਾਨ ਨੂੰ ਲੁਕਾਉਣ ਦੀ ਇਜਾਜ਼ਤ ਦਿੰਦੀ ਹੈ। ਉੱਧਰ ਮੁੰਬਈ ਪੁਲੀਸ ਨੇ ਕਿਹਾ ਕਿ ਭੇਜਣ ਵਾਲੇ ਨੇ ਮੇਲ ਭੇਜਣ ਲਈ ਇੱਕ ਵੀਪੀਐਨ ਨੈਟਵਰਕ ਦੀ ਵਰਤੋਂ ਕੀਤੀ ਸੀ, ਜੋ ਕਿ Beeble.com.ਨਾਮ ਦੀ ਇੱਕ ਵੈਬਸਾਈਟ ਤੋਂ ਭੇਜਿਆ ਗਿਆ ਸੀ। ਅਹਿਮਦਾਬਾਦ ਪੁਲੀਸ ਅਨੁਸਾਰ ਧਮਕੀ ਲਈ ਵਰਤਿਆ ਈਮੇਲ ਪਤਾ, sawariim@mail.ru ਸੀ ਤੇ ਇਹ ਰੂਸ ਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਅਪਰਾਧੀਆਂ ਨੇ ਭੁਲੇਖਾਪਾਊ ਆਈਪੀ ਐਡਰੈੱਸ ਦੀ ਵਰਤੋਂ ਕੀਤੀ ਹੋ ਸਕਦੀ ਹੈ।

Advertisement
Tags :
airportsBombaychandigarh newsindiaJaipurkolkatalatest newsNew delhipunjab newsRajasthan