US Embassy: 'ਅਸੀਂ ਵੀਜ਼ੇ ਰੱਦ ਕਰ ਦੇਵਾਂਗੇ ਜੇ...': ਅਮਰੀਕੀ ਸਫ਼ਾਰਤਖ਼ਾਨੇ ਵੱਲੋਂ ਭਾਰਤੀ ਯਾਤਰੀਆਂ ਨੂੰ ਤਾਜ਼ਾ ਚੇਤਾਵਨੀ ਜਾਰੀ
ਇਸ ਪਹਿਲਾਂ ਅਮਰੀਕਾ ਨੇ ਇੱਕ ਸਲਾਹ ਜਾਰੀ ਕੀਤੀ ਸੀ, ਜਿਸ ਵਿੱਚ ਵੀਜ਼ਾ ਬਿਨੈਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਵੇਰਵੇ ਮੁਹੱਈਆ ਕਰਾਉਣ ਲਈ ਕਿਹਾ ਗਿਆ ਸੀ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 12 ਜੁਲਾਈ
ਭਾਰਤ ਵਿੱਚ ਸਥਿਤ ਅਮਰੀਕੀ ਸਫ਼ਾਰਤਖ਼ਾਨੇ ਨੇ ਅਮਰੀਕੀ ਵੀਜ਼ਾ ਧਾਰਕ ਭਾਰਤੀਆਂ ਨੂੰ ਤੈਅ ਇਮੀਗ੍ਰੇਸ਼ਨ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਚੇਤਾਵਨੀ ਵਿਚ ਸਾਫ਼ ਕਿਹਾ ਗਿਆ ਹੈ ਕਿ ਅਜਿਹਾ ਕਰਨ ਵਿੱਚ ਨਾਕਾਮ ਰਹਿਣ ’ਤੇ ਵੀਜ਼ਾ ਰੱਦ ਕਰ ਕੇ ਸਬੰਧਤ ਵਿਅਕਤੀ ਨੂੰ ਅਮਰੀਕਾ ਵਿਚੋਂ ਡਿਪੋਰਟ ਕੀਤਾ ਜਾ ਸਕਦਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਵਿੱਚ ਦੂਤਾਵਾਸ ਨੇ ਕਿਹਾ, "ਵੀਜ਼ਾ ਜਾਰੀ ਹੋਣ ਤੋਂ ਬਾਅਦ ਵੀਜ਼ਾ ਸਕ੍ਰੀਨਿੰਗ ਬੰਦ ਨਹੀਂ ਹੁੰਦੀ। ਅਸੀਂ ਇਹ ਯਕੀਨੀ ਬਣਾਉਣ ਲਈ ਵੀਜ਼ਾ ਧਾਰਕਾਂ ਦੀ ਲਗਾਤਾਰ ਜਾਂਚ ਕਰਦੇ ਹਾਂ ਕਿ ਉਹ ਸਾਰੇ ਅਮਰੀਕੀ ਕਾਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰਦੇ ਹਨ ਜਾਂ ਨਹੀਂ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਉਨ੍ਹਾਂ ਦੇ ਵੀਜ਼ੇ ਰੱਦ ਕਰ ਦੇਵਾਂਗੇ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ (ਡਿਪੋਰਟ) ਦੇ ਦੇਵਾਂਗੇ।"
ਗ਼ੌਰਤਲਬ ਹੈ ਕਿ ਪਹਿਲਾਂ ਅਮਰੀਕਾ ਨੇ ਇੱਕ ਸਲਾਹ ਜਾਰੀ ਕੀਤੀ ਸੀ ਜਿਸ ਵਿੱਚ ਵੀਜ਼ਾ ਬਿਨੈਕਾਰਾਂ ਲਈ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਵੇਰਵੇ ਮੁਹੱਈਆ ਕਰਾਉਣੇ ਜ਼ਰੂਰੀ ਕੀਤੇ ਗਏ ਸਨ। ਇਸ ਦਾ ਮਕਸਦ ਇਨ੍ਹਾਂ ਵੀਜ਼ਾ ਖ਼ਾਤਿਆਂ ਦੀ ਅਮਰੀਕੀ ਕਾਨੂੰਨਾਂ ਦੇ ਉਲਟ ਕਿਸੇ ਵੀ ਸਮੱਗਰੀ ਜਾਂ ਵਿਚਾਰਾਂ ਲਈ ਇਨ੍ਹਾਂ ਦੀ ਪੜਤਾਲ ਕਰਨਾ ਹੈ।