ਡੀਯੂ ਦੇ ਵਿਦਿਆਰਥੀਆਂ ਲਈ ‘ਯੂ-ਸਪੈਸ਼ਲ ਬੱਸ’ ਨੂੰ ਹਰੀ ਝੰਡੀ
ਦਸ ਸਾਲਾਂ ਤੋਂ ਵੱਧ ਸਮੇਂ ਬਾਅਦ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇੱਕ ਵਾਰ ਫਿਰ ਇੱਕ ਸਮਰਪਿਤ ਬੱਸ ਸੇਵਾ ‘ਯੂ-ਸਪੈਸ਼ਲ ਬੱਸ’ ਮਿਲਣੀ ਸ਼ੁਰੂ ਹੋ ਗਈ ਹੈ। ਦਿੱਲੀ ਸਰਕਾਰ ਨੇ ਵੀਰਵਾਰ ਨੂੰ ਵਿਦਿਆਰਥੀਆਂ ਲਈ ਸੌਖੀ ਯਾਤਰਾ ਨੂੰ ਯਕੀਨੀ ਬਣਾਉਣ ਲਈ ਸੌ ਇਲੈਕਟ੍ਰਿਕ ਬੱਸਾਂ ਸ਼ੁਰੂ ਕਰਕੇ ‘ਯੂਨੀਵਰਸਿਟੀ ਵਿਸ਼ੇਸ਼ ਬੱਸ ਸਰਵਿਸ’ ਮੁੜ ਸ਼ੁਰੂ ਕੀਤੀ ਹੈ।
ਡੀਯੂ ਸਪੋਰਟਸ ਕੰਪਲੈਕਸ ਤੋਂ ਬੱਸਾਂ ਦੀ ਸ਼ੁਰੂਆਤ ਕਰਦੇ ਹੋਏ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਰਕਾਰ ਵਿਦਿਆਰਥੀਆਂ ਲਈ ਰਿਆਇਤੀ ਮੈਟਰੋ ਪਾਸ ਦੇਣ ’ਤੇ ਵੀ ਕੰਮ ਕਰ ਰਹੀ ਹੈ ਤਾਂ ਜੋ ਸਿੱਖਿਆ ਅਤੇ ਯਾਤਰਾ ਦੋਵੇਂ ਨਿਰਵਿਘਨ ਹੋ ਸਕਣ। ਉਨ੍ਹਾਂ ਕਿਹਾ ਕਿ ਇਹ ‘ਯੂ-ਸਪੈਸ਼ਲ ਬੱਸ’ ਸੇਵਾ ਸਾਲਾਂ ਤੋਂ ਬੰਦ ਸੀ ਪਰ ਹੁਣ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਯਾਦ ਕੀਤਾ, ‘ਜਦੋਂ ਮੈਂ 1998 ਵਿੱਚ ਯੂਨੀਵਰਸਿਟੀ ਛੱਡੀ ਸੀ, ਤਾਂ ਇਹ ਯੂ-ਸਪੈਸ਼ਲ ਬੱਸ ਬਾਰੇ ਆਪਣੇ ਕਾਲਜ ਦੇ ਦਿਨਾਂ ਦੀਆਂ ਸਭ ਤੋਂ ਮਿੱਠੀਆਂ ਯਾਦਾਂ ਆਪਣੇ ਨਾਲ ਲੈ ਗਈ ਸੀ। ਅੱਜ ਜਦੋਂ ਮੈਂ ਤੁਹਾਡੇ ਵਿਚਕਾਰ ਵਾਪਸ ਆ ਰਹੀ ਹਾਂ, ਮੈਂ ਤੁਹਾਡੇ ਲਈ ਏਸੀ, ਐੱਫਐੱਮ ਰੇਡੀਓ, ਪੈਨਿਕ ਬਟਨ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਯੂ-ਸਪੈਸ਼ਲ ਬੱਸ ਵੀ ਆਪਣੇ ਨਾਲ ਲੈ ਕੇ ਆਈ ਹਾਂ।” ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਬੱਸ ਨਹੀਂ ਹੈ ਸਗੋਂ ਦੋਸਤੀ, ਗੱਲਬਾਤ ਅਤੇ ਹਾਸੇ ਦੀ ਇੱਕ ਚਲਦੀ ਫਿਰਦੀ ਦੁਨੀਆ ਹੈ। ਦਿੱਲੀ ਦੀ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੱਸ ਸਿਰਫ਼ ਡੀਯੂ ਅਤੇ ਕਾਲਜ ਰੂਟਾਂ ’ਤੇ ਚੱਲੇਗੀ। ਹੁਣ ਇਹ ਯੂ-ਸਪੈਸ਼ਲ ਬੱਸ ਵਿਦਿਆਰਥੀਆਂ ਨੂੰ ਕਾਲਜ ਦੇ ਗੇਟ ਤੋਂ ਤੁਹਾਡੇ ਘਰ ਤੱਕ ਸੁਰੱਖਿਅਤ ਲੈ ਕੇ ਜਾਵੇਗੀ। ਅਧਿਕਾਰੀਆਂ ਅਨੁਸਾਰ ਇਹ ਬੱਸਾਂ ਡੀਟੀਸੀ ਵੱਲੋਂ ਕਰੀਬ 25 ਰੂਟਾਂ ’ਤੇ ਬੱਸਾਂ ਨੂੰ ਜੋੜਨਗੀਆਂ। ਵਿਦਿਆਰਥਣਾਂ ਇਨ੍ਹਾਂ ਬੱਸਾਂ ਵਿੱਚ ਮੁਫ਼ਤ ਯਾਤਰਾ ਕਰਨਗੀਆਂ, ਵਿਦਿਆਰਥੀ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਵੱਲੋਂ ਜਾਰੀ ਕੀਤੇ ਗਏ ਆਪਣੇ ਵਿਦਿਆਰਥੀ ਬੱਸ ਪਾਸਾਂ ਦੀ ਵਰਤੋਂ ਕਰ ਸਕਦੇ ਹਨ।