ਦੋ ਮੰਜ਼ਿਲਾ ਇਮਾਰਤ ਢਹੀ
ਦੱਖਣੀ ਦਿੱਲੀ ਦੀ ਮਥੁਰਾ ਰੋਡ ’ਤੇ ਬਦਰਪੁਰ ਪੁਲੀਸ ਸਟੇਸ਼ਨ ਦੇ ਨੇੜੇ ਇੰਦਰਾ ਨਰਸਰੀ ਦੇ ਨਾਲ ਲੱਗਦੀ ਦੋ ਮੰਜ਼ਿਲਾ ਇਮਾਰਤ ਢਹਿ ਗਈ। ਸੂਚਨਾ ਮਿਲਦੇ ਹੀ ਤਿੰਨ ਫਾਇਰ ਬ੍ਰਿਗੇਡ ਗੱਡੀਆਂ ਅਤੇ ਪੁਲੀਸ ਮੌਕੇ ’ਤੇ ਪਹੁੰਚ ਗਈ। ਖੁਸ਼ਕਿਸਮਤੀ ਨਾਲ, ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵਪਾਰਕ ਗਤੀਵਿਧੀਆਂ ਲਈ ਬਣਾਈ ਗਈ ਇਮਾਰਤ ਲੰਮੇ ਸਮੇਂ ਲਈ ਬੰਦ ਸੀ। ਇਸ ਦੇ ਨੇੜੇ ਵਾਲਾ ਢਾਬਾ ਵੀ ਬੰਦ ਸੀ। ਪੁਲੀਸ ਨੇ ਕੁਝ ਸਮੇਂ ਲਈ ਸੜਕ ਬੰਦ ਕਰ ਦਿੱਤੀ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਕਾਰਨ ਪੁਰਾਣੇ ਅਤੇ ਖੰਡਰ ਘਰਾਂ ਦੀ ਹਾਲਤ ਵਿਗੜ ਗਈ ਹੈ। ਅਜਿਹੀ ਸਥਿਤੀ ਵਿੱਚ, ਹਰ ਰੋਜ਼ ਕਿਤੇ ਨਾ ਕਿਤੇ ਪੁਰਾਣੀਆਂ ਇਮਾਰਤਾਂ ਦੇ ਜ਼ਮੀਨ ਵਿੱਚ ਧਸਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸੇ ਕ੍ਰਮ ਵਿੱਚ, ਮਥੁਰਾ ਰੋਡ ’ਤੇ ਬਦਰਪੁਰ ਪੁਲੀਸ ਸਟੇਸ਼ਨ ਦੇ ਨੇੜੇ ਇੰਦਰਾ ਨਰਸਰੀ ਦੇ ਨਾਲ ਲੱਗਦੀ ਇੱਕ ਦੋ ਮੰਜ਼ਿਲਾ ਇਮਾਰਤ ਸ਼ਨਿਚਰਵਾਰ ਨੂੰ ਢਹਿ ਗਈ। ਇਸ ਤੋਂ ਪਹਿਲਾਂ 29 ਅਗਸਤ ਨੂੰ ਪੂਰਬੀ ਦਿੱਲੀ ਦੇ ਮੰਡਾਵਲੀ ਇਲਾਕੇ ਵਿੱਚ ਇੱਕ ਖੰਡਰ ਘਰ ਢਹਿ ਗਿਆ ਸੀ, ਜਿਸ ਵਿੱਚ ਗਲੀ ਵਿੱਚੋਂ ਲੰਘ ਰਹੇ ਤਿੰਨ ਬੱਚੇ ਮਲਬੇ ਹੇਠ ਦੱਬ ਗਏ। ਹੋਰ ਘਟਨਾਵਾਂ ਵਿੱਚ ਦਰਿਆਗੰਜ ਵਿੱਚ ਇੱਕ ਪੁਰਾਣੀ ਇਮਾਰਤ ਡਿੱਗਣ ਕਾਰਨ ਲੋਕਾਂ ਦੀ ਜਾਨ ਚਲੀ ਗਈ ਅਤੇ ਸੀਲਮਪੁਰ ਵਿੱਚ ਵੀ ਇਮਾਰਤਾਂ ਢਹਿ ਗਈਆਂ ਸਨ। ਬਰਸਾਤ ਦੇ ਮੌਸਮ ਵਿੱਚ ਦਿੱਲੀ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ, ਕਿਉਂਕਿ ਪੁਰਾਣੀਆਂ ਇਮਾਰਤਾਂ ਪਹਿਲਾਂ ਹੀ ਕਮਜ਼ੋਰ ਹਨ। ਦਿੱਲੀ ਵਿੱਚ ਮੀਂਹ ਪੈਣ ਕਾਰਨ ਇਮਾਰਤਾਂ ਢਹਿ ਜਾਣ ’ਤੇ ਸਿਆਸਤ ਵੀ ਜ਼ੋਰਾਂ ’ਤੇ ਹੁੰਦੀ ਰਹੀ ਹੈ। ਇਸ ਵਿਸ਼ੇ ’ਤੇ ਵਿਰੋਧੀ ਧਿਰਾਂ ਲਗਾਤਾਰ ਦਿੱਲੀ ਸਰਕਾਰ ਨੂੰ ਘੇਰੇ ਵਿੱਚ ਲੈਂਦੀ ਆਈ ਹੈ।