Spicejet ਦੇ ਦੋ ਯਾਤਰੀਆਂ ਵੱਲੋਂ ਕੌਕਪਿਟ ’ਚ ਜਬਰੀ ਦਾਖ਼ਲ ਹੋਣ ਦੀ ਕੋਸ਼ਿਸ਼
ਸਟਾਫ਼ ਨੇ ਦੋਵਾਂ ਯਾਤਰੀਆਂ ਨੂੰ ਸੀਆਈਐੱਸਐੱਫ ਹਵਾਲੇ ਕੀਤਾ; ਦਿੱਲੀ ਤੋਂ ਮੁੰਬਈ ਜਾ ਰਹੀ ਸੀ ਉਡਾਣ
ਨਵੀਂ ਦਿੱਲੀ, 15 ਜੁਲਾਈ
ਦਿੱਲੀ ਤੋਂ ਮੁੰਬਈ ਜਾਣ ਲਈ ਰਨਵੇਅ ’ਤੇ ਤਿਆਰ ਸਪਾਈਜੈੱਟ ਦੀ ਉਡਾਣ ਵਿਚ ਕੌਕਪਿਟ ’ਚ ਜਬਰੀ ਦਾਖ਼ਲ ਹੋਣ ਦੀ ਕੋੋਸ਼ਿਸ਼ ਕਰਨ ਵਾਲੇ ਦੋ ਯਾਤਰੀਆਂ ਨੂੰ ਜਹਾਜ਼ ’ਚੋਂ ਉਤਾਰ ਦਿੱਤਾ ਗਿਆ। ਇਹ ਘਟਨਾ ਸੋਮਵਾਰ ਦੀ ਦੱਸੀ ਜਾਂਦੀ ਹੈ। ਦੋਵਾਂ ਯਾਤਰੀਆਂ ਨੇ ਕੌਕਪਿਟ ਵਿਚ ਧੱਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਜਹਾਜ਼ ਨੂੰ ਵਾਪਸ ਬੇਅ ਵਿਚ ਲਿਆਂਦਾ ਗਿਆ। ਯਾਤਰੀਆਂ ਨੂੰ ਹੇਠਾਂ ਉਤਾਰ ਕੇ ਮਗਰੋਂ ਸੀਆਈਐੱਸਐੱਫ ਦੇ ਹਵਾਲੇ ਕਰ ਦਿੱਤਾ ਗਿਆ।
ਏਅਰਲਾਈਨ ਨੇ ਬਿਆਨ ਵਿਚ ਕਿਹਾ, ‘‘14 ਜੁਲਾਈ, 2025 ਨੂੰ, ਦਿੱਲੀ ਤੋਂ ਮੁੰਬਈ ਜਾ ਰਹੀ ਸਪਾਈਸਜੈੱਟ ਦੀ ਉਡਾਣ SG 9282 ਤੋਂ ਦੋ ਬੇਕਾਬੂ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ। ਦੋਵਾਂ ਨੇ ਜਬਰੀ ਕੌਕਪਿਟ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਅਤੇ ਜਹਾਜ਼ ਜਦੋਂ ਰਨਵੇਅ ’ਤੇ ਸੀ ਉਦੋਂ ਉਡਾਣ ਦੇ ਅਮਲ ਵਿਚ ਵਿਘਨ ਪਾਇਆ।’’ ਸਪਾਈਸਜੈੱਟ ਮੁਤਾਬਕ ਕੈਬਿਨ ਦੇ ਅਮਲੇ, ਸਾਥੀ ਯਾਤਰੀਆਂ ਅਤੇ ਕੈਪਟਨ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਦੋਵਾਂ ਯਾਤਰੀਆਂ ਨੇ ਆਪਣੀਆਂ ਸੀਟਾਂ ’ਤੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ। ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ’ਤੇ ਉਪਲੱਬਧ ਜਾਣਕਾਰੀ ਅਨੁਸਾਰ, ਫਲਾਈਟ SG 9282, ਜੋ ਅਸਲ ਵਿੱਚ ਦੁਪਹਿਰ 12:30 ਵਜੇ ਰਵਾਨਾ ਹੋਣ ਵਾਲੀ ਸੀ, ਸ਼ਾਮ 7:21 ਵਜੇ ਰਵਾਨਾ ਹੋਈ। -ਪੀਟੀਆਈ