ਡਾ. ਨੇਕੀ ਦੀ ਜਨਮ-ਸ਼ਤਾਬਦੀ ਮੌਕੇ ਦੋ-ਰੋਜ਼ਾ ਸੈਮੀਨਾਰ
ਸਾਹਿਤ ਅਕਾਦਮੀ ਵੱਲੋਂ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਸਹਿਯੋਗ ਨਾਲ ਡਾ. ਜਸਵੰਤ ਸਿੰਘ ਨੇਕੀ ਦੀ ਪਹਿਲੀ ਜਨਮ-ਸ਼ਤਾਬਦੀ ‘ਤੇ ਦੋ-ਰੋਜ਼ਾ ਸੈਮੀਨਾਰ ਦਾ ਉਦਘਾਟਨ ਸਦਨ ਦੇ ਕਾਨਫਰੰਸ ਹਾਲ ’ਚ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਨੇ ਕੀਤੀ। ਪ੍ਰੋਗਰਾਮ ਦੇ ਆਰੰਭ ’ਚ ਡਾ. ਨੇਕੀ ਦੇ ਜੀਵਨ ਤੇ ਸ਼ਖ਼ਸੀਅਤ ਨਾਲ ਸਬੰਧਤ ਡਾਕੂਮੈਂਟਰੀ ਦਿਖਾਈ ਗਈ। ਉਪਰੰਤ ਸਾਹਿਤ ਅਕਾਦਮੀ ਦੇ ਸਕੱਤਰ ਕੇ. ਨਿਵਾਸਰਾਓ ਨੇ ਸਵਾਗਤੀ ਭਾਸ਼ਣ ਦੌਰਾਨ ਡਾ. ਨੇਕੀ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮਗਰੋਂ ਸਾਹਿਤ ਅਕਾਦਮੀ ਦੇ ਸਲਾਹਕਾਰ ਬੋਰਡ ਦੇ ਮੈਂਬਰ ਡਾ. ਰਵੇਲ ਸਿੰਘ ਨੇ ਡਾ. ਨੇਕੀ ਨੂੰ ਅਨੁਭੂਤੀਆਂ ਦਾ ਸ਼ਾਇਰ ਅਤੇ ਗੁਰਬਾਣੀ ਦਾ ਸੂਝਵਾਨ ਵਿਦਵਾਨ ਕਿਹਾ। ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋ-ਵਾਈਸ ਚਾਂਸਲਰ ਡਾ. ਸਤਿੰਦਰ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ’ਚ ਡਾ. ਨੇਕੀ ਨਾਲ ਸਬੰਧਤ ਯਾਦਾਂ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਸਦਨ ਵਲੋਂ ਪ੍ਰਕਾਸ਼ਿਤ ਖਾਲਸਾ ਸਮਾਚਾਰ ਦਾ ‘ਡਾ. ਜਸਵੰਤ ਸਿੰਘ ਨੇਕੀ ਵਿਸ਼ੇਸ਼ ਅੰਕ’ ਵੀ ਰਿਲੀਜ਼ ਕੀਤਾ ਗਿਆ। ਵਿਚਾਰ-ਚਰਚਾ ਦੇ ਪਹਿਲੇ ਸੈਸ਼ਨ ’ਚ ਡਾ. ਨੇਕੀ ਦੀ ਕਵਿਤਾ ਤੇ ਚਾਰ ਪਰਚੇ ਪੜ੍ਹੇ ਗਏ। ਦੂਜੇ ਸੈਸ਼ਨ ’ਚ ਡਾ. ਰਾਮਮੂਰਤੀ ਨੇ ਡਾ. ਨੇਕੀ ਬਾਰੇ ਗੱਲ ਕਰਦਿਆਂ ਉਨ੍ਹਾਂ ਨੂੰ ਸਿੱਖ ਨਵ-ਚੇਤਨਾ ਦਾ ਵਾਰਤਕਕਾਰ ਕਿਹਾ। ਤੀਜੇ ਸੈਸ਼ਨ ’ਚ ਡਾ. ਗੁਰਮੇਲ ਸਿੰਘ ਨੇ ਡਾ. ਨੇਕੀ ਬਾਰੇ ਜਾਣਕਾਰੀ ਸਾਂਝੀ ਕੀਤੀ। ਅਖੀਰਲੇ ਸੈਸ਼ਨ ‘ਚ ਆਪਣੇ ਵਿਦਾਇਗੀ ਭਾਸ਼ਣ ਦੌਰਾਨ ਡਾ. ਮਨਮੋਹਨ ਨੇ ਡਾ. ਨੇਕੀ ਨੂੰ ਆਪਣੀਆਂ ਲਿਖਤਾਂ ਦੇ ਪ੍ਰੇਰਨਾ ਸਰੋਤ ਦੱਸਿਆ। ਡਾ. ਰਵੇਲ ਸਿੰਘ ਨੇ ਡਾ. ਨੇਕੀ ਨਾਲ ਗੁਜ਼ਾਰੇ ਆਪਣੇ ਅਨੁਭਵਾਂ ਨੂੰ ਸਾਂਝੇ ਕੀਤੇ। ਡਾ. ਸੁਖਦੇਵ ਸਿੰਘ ਸਿਰਸਾ ਨੇ ਡਾ. ਨੇਕੀ ਰਾਹੀਂ ਰਚੇ ਸਾਹਿਤ ਬਾਰੇ ਗੱਲਾਂ ਕੀਤੀਆਂ।