ਪਾਬੰਦੀਸ਼ੁਦਾ ਸਿਗਰਟਾਂ ਵੇਚਣ ਦੇ ਦੋਸ਼ ਹੇਠ ਦੋ ਕਾਬੂ
ਦੇਸ਼ ਵਿੱਚ ਅੰਤਰਰਾਸ਼ਟਰੀ ਬ੍ਰਾਂਡ ਵਾਲੀਆਂ ਸਿਗਰਟਾਂ ਦੀ ਵਿਕਰੀ ’ਤੇ ਪਾਬੰਦੀ ਹੈ। ਕ੍ਰਾਈਮ ਬ੍ਰਾਂਚ ਨੇ ਦੋ ਮੁਲਜ਼ਮਾਂ ਨੂੰ ਬਿਨਾਂ ਕਿਸੇ ਤਸਵੀਰ ਵਾਲੇ ਚੇਤਾਵਨੀ ਲੇਬਲ ਦੇ ਅੰਤਰਰਾਸ਼ਟਰੀ ਬ੍ਰਾਂਡ ਵਾਲੀਆਂ ਸਿਗਰਟਾਂ ਵੇਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ 66,400 ਸਿਗਰਟਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲੀਸ ਦਾ ਦਾਅਵਾ ਹੈ ਕਿ ਇਨ੍ਹਾਂ ਪਾਬੰਦੀਸ਼ੁਦਾ ਸਿਗਰਟਾਂ ਦੀ ਕੀਮਤ 10 ਲੱਖ ਰੁਪਏ ਤੋਂ ਵੱਧ ਹੈ। ਡੀ ਸੀ ਪੀ ਹਰਸ਼ ਇੰਦੋਰਾ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪ੍ਰਵੀਨ ਸਹਿਗਲ ਵਾਸੀ ਪਾਣੀਪਤ ਅਤੇ ਮੁਕੇਸ਼ ਖਤਰਜਾ ਵਾਸੀ ਮੁਖਰਜੀ ਨਗਰ ਹਨ। ਪ੍ਰਵੀਨ ਸਹਿਗਲ ਸੱਤਵੀਂ ਜਮਾਤ ਤੱਕ ਪੜ੍ਹਿਆ ਸੀ ਅਤੇ ਕੁਝ ਸਾਲ ਪਹਿਲਾਂ ਉਸ ਨੇ ਕੰਬੋਡੀਆ ਤੋਂ ਪਾਬੰਦੀਸ਼ੁਦਾ ਸਿਗਰਟਾਂ ਦੀ ਤਸਕਰੀ ਸ਼ੁਰੂ ਕਰ ਦਿੱਤੀ ਸੀ। 12ਵੀਂ ਜਮਾਤ ਦੇ ਮੁਕੇਸ਼ ਖਤਰਜਾ ਨੇ ਵੀ ਕੰਬੋਡੀਆ ਤੋਂ ਪਾਬੰਦੀਸ਼ੁਦਾ ਸਿਗਰਟਾਂ ਦੀ ਤਸਕਰੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੇ ਕਬਜ਼ੇ ਵਿੱਚੋਂ 332 ‘ਸਟਿੱਕਾਂ’ (ਹਰੇਕ ਵਿੱਚ ਪਾਬੰਦੀਸ਼ੁਦਾ ਸਿਗਰਟਾਂ ਦੇ 10 ਪੈਕੇਟ ਸਨ) ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਬ੍ਰਾਂਡ ਡਨਹਿਲ ਤੇ ਡੇਵਿਡ ਆਫ ਗੋਲਡ ਦੀਆਂ ਕੁੱਲ 66,400 ਪਾਬੰਦੀਸ਼ੁਦਾ ਸਿਗਰਟਾਂ ਸਨ। ਏ ਸੀ ਪੀ ਭਗਵਤੀ ਪ੍ਰਸਾਦ ਅਤੇ ਇੰਸਪੈਕਟਰ ਗੁਲਸ਼ਨ ਯਾਦਵ ਦੀ ਅਗਵਾਈ ਵਾਲੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋ ਵਿਅਕਤੀਆਂ, ਪ੍ਰਵੀਨ ਅਤੇ ਮੁਕੇਸ਼ ਨੂੰ ਵੱਡੀ ਮਾਤਰਾ ਵਿੱਚ ਤਸਕਰੀ ਕੀਤੇ ਗਏ ਪਾਬੰਦੀਸ਼ੁਦਾ ਸਿਗਰਟਾਂ ਸਮੇਤ ਗ੍ਰਿਫ਼ਤਾਰ ਕੀਤਾ।
