ਟਰੰਪ ਤਾਂ ਬੇਵਫ਼ਾ ਨਿਕਲੇ: ਸੰਜੇ ਸਿੰਘ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਅਮਰੀਕਾ ਵੱਲੋਂ ਭਾਰਤ ‘ਤੇ 25 ਫ਼ੀਸਦ ਟੈਰਿਫ਼ ਲਗਾਉਣ ਅਤੇ ਸਟਾਕ ਮਾਰਕੀਟ ਵਿੱਚ ਗਿਰਾਵਟ ਕਾਰਨ ਭਾਰਤੀ ਨਿਵੇਸ਼ਕਾਂ ਨੂੰ ਲੱਖਾਂ ਕਰੋੜ ਰੁਪਏ ਦਾ ਨੁਕਸਾਨ ਹੋਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਨਜ਼ ਕੱਸਿਆ ਹੈ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਮੋਦੀ ਦਾ ਟਰੰਪ ਲਈ ਪਿਆਰ ਖ਼ਤਮ ਨਹੀਂ ਹੋ ਰਿਹਾ, ਜਦੋਂ ਕਿ ਟਰੰਪ ਤਾਂ ਬੇਵਫ਼ਾ ਨਿਕਲੇ। ਉਨ੍ਹਾਂ ਕਿਹਾ ਕਿ ਟਰੰਪ ਭਾਰਤ ‘ਤੇ ਰੂਸ ਤੋਂ ਸਸਤਾ ਤੇਲ ਨਾ ਖਰੀਦਣ ਲਈ ਦਬਾਅ ਪਾ ਰਹੇ ਹਨ। ਟਰੰਪ ਨੇ ਕਿਹਾ ਹੈ ਕਿ ਭਾਰਤ ਦੀ ਅਰਥਵਿਵਸਥਾ ਖ਼ਤਮ ਹੋ ਚੁੱਕੀ ਹੈ। ਅਮਰੀਕਾ ਪਾਕਿਸਤਾਨ ਵਿੱਚ ਤੇਲ ਲੱਭ ਰਿਹਾ ਹੈ, ਜਿਸਨੂੰ ਉਹ ਭਾਰਤ ਨੂੰ ਵੇਚੇਗਾ। ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਸੰਜੇ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਦੋਸਤ ਅਡਾਨੀ ਨੂੰ ਬਚਾਉਣ ਲਈ ਦੇਸ਼ ਦੀ ਆਰਥਿਕਤਾ ਨੂੰ ਬਰਬਾਦ ਕਰਨ ‘ਤੇ ਤੁਲੇ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਨੂੰ ਦੇਸ਼ ਵਾਸੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਭਾਰਤ ਦੀ ਆਰਥਿਕਤਾ ਨੂੰ ਬਚਾਉਣ ਲਈ ਉਨ੍ਹਾਂ ਦੀ ਕੀ ਰਣਨੀਤੀ ਹੈ।
ਸੰਜੇ ਸਿੰਘ ਨੇ ਕਿਹਾ ਕਿ ਇਹ ਨਿਵੇਸ਼ਕਾਂ ਨਾਲ ਧੋਖਾ ਹੈ, ਜੋ ਆਪਣੀ ਮਿਹਨਤ ਦੀ ਕਮਾਈ ਸ਼ੇਅਰ ਬਾਜ਼ਾਰ ਵਿੱਚ ਲਗਾਉਂਦੇ ਹਨ। ਸੈਂਸੈਕਸ 800 ਅੰਕ ਡਿੱਗ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗ਼ਲਤ ਨੀਤੀਆਂ ਕਾਰਨ ਲੱਖਾਂ ਕਰੋੜ ਰੁਪਏ ਡੁੱਬ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਟਰੰਪ ਭਾਰਤ ਨੂੰ ਰੂਸ ਤੋਂ ਸਸਤਾ ਤੇਲ ਨਾ ਖਰੀਦਣ ਬਾਰੇ ਦਬਾਅ ਪਾ ਰਹੇ ਹਨ, ਜਦੋਂ ਕਿ ਰੂਸ ਭਾਰਤ ਦਾ ਰਵਾਇਤੀ ਦੋਸਤ ਹੈ। ਉਨ੍ਹਾਂ ਕਿਹਾ ਕਿ ਰੂਸ ਨੇ ਸੰਯੁਕਤ ਰਾਸ਼ਟਰ ਵਿੱਚ ਛੇ ਵਾਰ ਵੀਟੋ ਪਾਵਰ ਦੀ ਵਰਤੋਂ ਕਰਕੇ ਭਾਰਤ ਦਾ ਸਮਰਥਨ ਕੀਤਾ।
“ਟਰੰਪ ਦੇ ਫ਼ੈਸਲੇ ਦਾ ਵਿਰੋਧ ਕਰਨ ਪ੍ਰਧਾਨ ਮੰਤਰੀ”
ਸੰਜੇ ਸਿੰਘ ਨੇ ਕਿਹਾ ਕਿ ਟਰੰਪ ਦਬਾਅ ਪਾ ਕੇ ਭਾਰਤ ਦੀ ਆਰਥਿਕਤਾ ਨੂੰ ਬਰਬਾਦ ਕਰਨਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੂੰ ਇਸਦਾ ਸਖ਼ਤ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਟਰੰਪ ਦੇ ਟੈਰਿਫ਼ ਵਧਾਉਣ ਦੇ ਫੈਸਲੇ ਵਿਰੁੱਧ ਆਪਣਾ ਵਿਰੋਧ ਦਰਜ ਕਰਵਾ ਕੇ ਆਪਣੀ ਨੀਤੀ ਸਪੱਸ਼ਟ ਕਰਨੀ ਚਾਹੀਦੀ ਹੈ। ਸੰਜੇ ਸਿੰਘ ਨੇ ਕਿਹਾ ਕਿ ਟਰੰਪ ਨੇ ਭਾਰਤ ਦੀ ਆਰਥਿਕਤਾ ਨੂੰ ਮਰੀ ਹੋਈ ਕਿਹਾ ਹੈ। ਟਰੰਪ ਕੋਲ ਭਾਰਤ ਲਈ ਇੱਕ ਖਤਰਨਾਕ ਯੋਜਨਾ ਹੈ। ਮੋਦੀ ਸਰਕਾਰ ਨੂੰ ਸਮੇਂ ਸਿਰ ਅੱਗੇ ਆਉਣਾ ਚਾਹੀਦਾ ਹੈ।