ਦੇਸ਼ ਦੇ ਕਈ ਹਵਾਈ ਅੱਡਿਆਂ ’ਤੇ ਚੈੱਕ ਇਨ ’ਚ ਪ੍ਰੇਸ਼ਾਨੀ
ਦੇਸ਼ ਦੇ ਕਈ ਹਵਾਈ ਅੱਡਿਆਂ ’ਤੇ ਅੱਜ ਬੁੱਧਵਾਰ ਨੂੰ ਯਾਤਰੀਆਂ ਨੂੰ ਚੈਕ ਇਨ ਕਰਨ ਵਿਚ ਸਮੱਸਿਆ ਆਈ। ਇਸ ਕਾਰਨ ਬੰਗਲੁਰੂ ਵਿਚ 42 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਹੈਦਰਾਬਾਦ ਹਵਾਈ ਅੱਡੇ ’ਤੇ ਚੈਕ ਇਨ ਵਿਚ ਦੇਰੀ ਕਾਰਨ ਲੋਕਾਂ ਦੀਅ ਲੰਬੀਆਂ ਕਤਾਰਾਂ ਲੱਗ ਗਈਆਂ। ਇਹੀ ਸਮੱਸਿਆ ਨਵੀਂ ਦਿੱਲੀ ਦੇ ਹਵਾਈ ਅੱਡੇ ’ਤੇ ਵੀ ਆਈ ਜਿਸ ਕਾਰਨ ਹਵਾਈ ਅੱਡਾ ਪ੍ਰਬੰਧਕਾਂ ਨੇ ਚੈਕ ਇਨ ਨੂੰ ਮੈਨੂਅਲ ਕਰ ਦਿੱਤਾ। ਇਹ ਜਾਣਕਾਰੀ ਮਿਲੀ ਹੈ ਕਿ ਇੱਥੇ ਇੰਡੀਗੋ, ਸਪਾਈਸ ਜੈੱਟ, ਅਕਾਸਾ ਏਅਰ ਤੇ ਏਅਰ ਇੰਡੀਆ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ। ਹੈਦਰਾਬਾਦ ਦੇ ਹਵਾਈ ਅੱਡੇ ਵਿਚ ਚੈਕ ਇਨ ਵਿਚ ਦੇਰੀ ਕਾਰਨ ਕਈ ਜਣੇ ਹਵਾਈ ਸਫਰ ਨਾ ਕਰ ਸਕੇ।
ਇਸ ਤੋਂ ਇਕ ਦਿਨ ਪਹਿਲਾਂ ਏਅਰ ਇੰਡੀਆ ਨੇ ਯਾਤਰੀਆਂ ਲਈ ਅਡਵਾਇਜ਼ਰੀ ਜਾਰੀ ਕੀਤੀ ਸੀ ਜਿਸ ਵਿੱਚ ਯਾਤਰੀਆਂ ਨੂੰ ਹਵਾਈ ਅੱਡੇ ’ਤੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਥਰਡ ਪਾਰਟੀ ਬੁਕਿੰਗ ਦੇ ਸਿਸਟਮ ਵਿਚ ਵਿਘਨ ਪੈਣ ਕਾਰਨ ਕਈ ਹਵਾਈ ਅੱਡਿਆਂ ’ਤੇ ਚੈੱਕ-ਇਨ ਕੰਮ ਪ੍ਰਭਾਵਿਤ ਹੋਇਆ ਹੈ ਅਤੇ ਕਈ ਉਡਾਣਾਂ ਵਿੱਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਯਾਤਰੀ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਅਤੇ ਆਪਣੀ ਯਾਤਰਾ ਲਈ ਵਾਧੂ ਸਮਾਂ ਰੱਖਣ।
