ਦਿੱਲੀ ਵਿੱਚ ਹਵਾ ਪ੍ਰਦੂਸ਼ਣ ਘੱਟ ਕਰਨ ਲਈ ਮਸਨੂਈ ਬਾਰਿਸ਼ ਕਰਾਉਣ ਦਾ ਟਰਾਇਲ
First cloud-seeding trial conducted in parts of Delhi to tackle air pollution
ਦਿੱਲੀ ਦੇ ਕੁਝ ਹਿੱਸਿਆਂ ਵਿਚ ਕਲਾਊਡ-ਸੀਡਿੰਗ ਟਰਾਇਲ (ਮਸਨੂਈ ਬਾਰਿਸ਼ ਕਰਾਉਣ) ਕੀਤਾ ਗਿਆ। ਇਹ ਟਰਾਇਲ ਬੁਰਾੜੀ ਅਤੇ ਕਰੋਲ ਬਾਗ ਖੇਤਰਾਂ ਵਿਚ ਕੀਤਾ ਗਿਆ। ਅਧਿਕਾਰੀਆਂ ਅਨੁਸਾਰ ਇਸ ਸਬੰਧੀ ਜਹਾਜ਼ ਨੇ ਕਾਨਪੁਰ ਤੋਂ ਦਿੱਲੀ ਲਈ ਉਡਾਣ ਭਰੀ ਅਤੇ ਮਸਨੂਈ ਬਾਰਿਸ਼ ਕਰਾਉਣ ਦਾ ਟਰਾਇਲ ਕਰਦਿਆਂ ਬੱਦਲਾਂ ਵਿਚ ਰਸਾਇਣ ਛੱਡੇ।
ਇਸ ਵੇਲੇ ਕੌਮੀ ਰਾਜਧਾਨੀ ਤੇ ਐਨਸੀਆਰ ਵਿੱਚ ਪ੍ਰਦੂਸ਼ਣ ਦਾ ਪੱਧਰ ਦਿਨੋਂ ਦਿਨ ਵਧ ਰਿਹਾ ਹੈ ਤੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਮਸਨੂਈ ਬਾਰਿਸ਼ ਕਰਵਾਉਣ ਦੇ ਉਦੇਸ਼ ਨਾਲ ਇਹ ਟਰਾਇਲ ਸਰਦੀਆਂ ਦੇ ਮਹੀਨਿਆਂ ਦੌਰਾਨ ਵਿਗੜਦੇ ਹਵਾ ਦੇ ਮਿਆਰ ਨੂੰ ਘਟਾਉਣ ਲਈ ਦਿੱਲੀ ਸਰਕਾਰ ਦੀ ਰਣਨੀਤੀ ਦਾ ਹਿੱਸਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਕਲਾਊਡ ਸੀਡਿੰਗ ਦੌਰਾਨ ਬੱਦਲਾਂ ਵਿਚ ਸਿਲਵਰ ਆਇਓਡੀਨ ਦੇ ਕਣ ਛੱਡੇ ਜਾਂਦੇ ਹਨ ਜੋ ਕੁਝ ਸਮੇਂ ਦੇ ਅੰਦਰ ਹੀ ਮੀਂਹ ਵਰ੍ਹਾਉਂਦੇ ਹਨ।
ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ, ‘ਇਹ ਟਰਾਇਲ ਅੱਧੇ ਘੰਟੇ ਤੱਕ ਚੱਲਿਆ। ਆਈਆਈਟੀ-ਕਾਨਪੁਰ ਨੇ ਕਿਹਾ ਸੀ ਕਿ ਕਲਾਊਡ-ਸੀਡਿੰਗ ਟਰਾਇਲ ਤੋਂ ਬਾਅਦ 15 ਮਿੰਟ ਤੋਂ ਚਾਰ ਘੰਟਿਆਂ ਦੇ ਅੰਦਰ ਮੀਂਹ ਪੈ ਸਕਦਾ ਹੈ।’
ਉਨ੍ਹਾਂ ਕਿਹਾ ਕਿ ਦੂਜਾ ਟਰਾਇਲ ਅੱਜ ਬਾਅਦ ਵਿੱਚ ਬਾਹਰੀ ਦਿੱਲੀ ਵਿੱਚ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਅਜਿਹੇ 9-10 ਟਰਾਇਲਾਂ ਦੀ ਯੋਜਨਾ ਬਣਾਈ ਗਈ ਹੈ ਅਤੇ ਜੇਕਰ ਉਹ ਸਫਲ ਹੁੰਦੇ ਹਨ ਤਾਂ ਸਰਕਾਰ ਇੱਕ ਲੰਬੀ ਮਿਆਦ ਦੀ ਯੋਜਨਾ ਤਿਆਰ ਕਰੇਗੀ।
