ਦਿੱਲੀ ਵਿੱਚ ਨਵੀਂ ਬਣੀ ਸੜਕ ਯੂ ਈ ਆਰ-2 ’ਤੇ ਮੁੰਡਕਾ-ਬੱਕਰਵਾਲਾ ਟੌਲ ਸ਼ੁਰੂ ਹੋਣ ਤੋਂ ਬਾਅਦ ਛੋਟੇ ਟਰਾਂਸਪੋਰਟਰ ਚਿੰਤਤ ਹਨ। ਟੌਲ ਵਸੂਲੀ ਤੋਂ ਬਾਅਦ ਵਧੇ ਹੋਏ ਖਰਚਿਆਂ ਕਾਰਨ ਟਰਾਂਸਪੋਰਟਰਾਂ ਦੀ ਆਮਦਨ ਘੱਟ ਗਈ ਹੈ। ਨੇੜਲੇ ਬਾਜ਼ਾਰਾਂ, ਫੈਕਟਰੀਆਂ ਅਤੇ ਗੋਦਾਮਾਂ ਤੋਂ ਸਾਮਾਨ ਲੈ ਕੇ ਜਾਣ ਵਾਲੇ ਮਿੰਨੀ ਟਰੱਕ ਅਤੇ ਟੈਂਪੂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਾਹਨ ਆਪਣੇ ਮਾਲਕਾਂ ਅਤੇ ਡਰਾਈਵਰਾਂ ਦੇ ਨਾਲ-ਨਾਲ ਟਰਾਂਸਪੋਰਟ ਕੰਪਨੀ ਦੇ ਸੰਚਾਲਕਾਂ ਦੇ ਹਨ। ਵੱਡੀ ਗਿਣਤੀ ਵਿੱਚ ਛੋਟੇ ਵਾਹਨ ਮੁੰਡਕਾ, ਨਰੇਲਾ, ਬਵਾਨਾ, ਮੰਗੋਲਪੁਰੀ ਉਦਯੋਗਿਕ ਖੇਤਰ ਤੋਂ ਸਾਮਾਨ ਲੈ ਕੇ ਗੁਰੂਗ੍ਰਾਮ ਜਾਂਦੇ ਹਨ। ਟੌਲ ਕਾਰਨ, ਛੋਟੇ ਟਰਾਂਸਪੋਰਟਰਾਂ ਦੀ ਆਮਦਨ ਵਿੱਚ 15 ਤੋਂ 20 ਫੀਸਦ ਦੀ ਕਮੀ ਆਈ ਹੈ।
ਬਾਹਰੀ ਦਿੱਲੀ ਅਤੇ ਪੱਛਮੀ ਦਿੱਲੀ ਖੇਤਰ ਵਿੱਚ ਸਾਮਾਨ ਲਿਜਾਣ ਵਾਲੇ ਇੱਕ ਹਜ਼ਾਰ ਤੋਂ ਵੱਧ ਵਾਹਨ ਹਨ, ਜਿਨ੍ਹਾਂ ਵਿੱਚ ਲਗਪਗ ਪੰਜ ਸੌ ਛੋਟੇ ਵਾਹਨ ਸ਼ਾਮਲ ਹਨ। ਜ਼ਿਆਦਾਤਰ ਵਾਹਨ ਮੁੰਡਕਾ ਇੰਡਸਟਰੀਅਲ ਏਰੀਆ ਅਤੇ ਰਾਜਧਾਨੀ ਪਾਰਕ ਤੋਂ ਸਾਮਾਨ ਲੈ ਕੇ ਦੁਆਰਕਾ, ਨਜ਼ਫਗੜ੍ਹ, ਭਰਥਲ, ਬਾਪਰੋਲਾ ਦੇ ਨਾਲ-ਨਾਲ ਗੁਰੂਗ੍ਰਾਮ ਅਤੇ ਮਾਨੇਸਰ ਵੱਲ ਜਾਂਦੇ ਹਨ। ਸਾਮਾਨ ਢੋਹਣ ਵਾਲੇ ਵਾਹਨ ਮਾਲਕਾਂ ਅਤੇ ਡਰਾਈਵਰਾਂ ਦਾ ਕਹਿਣਾ ਹੈ ਕਿ ਹਰ ਕੋਈ ਖੁਸ਼ ਸੀ ਕਿ ਉਹ ਟ੍ਰੈਫਿਕ ਜਾਮ ਅਤੇ ਖਸਤਾ ਸੜਕ ਦੀ ਬਜਾਏ ਯੂ ਈ ਆਰ-2 ਦੀ ਵਰਤੋਂ ਕਰਨਗੇ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਬਾਲਣ, ਪੈਸਾ ਅਤੇ ਸਮਾਂ ਬਚੇਗਾ ਅਤੇ ਆਮਦਨ ਵਧੇਗੀ। ਪਰ ਯੂ ਈ ਆਰ-2 ਮਾਰਗ ’ਤੇ ਟੌਲ ਲੱਗਣ ਮਗਰੋਂ ਹੁਣ ਇਹ ਸਭ ਉਲਟ ਹੋ ਗਿਆ ਹੈ।