ਦਿੱਲੀ ਅਤੇ ਇਸ ਦੇ ਆਸ ਪਾਸ ਦੇ ਐੱਨਸੀਆਰ ਦੇ ਖੇਤਰਾਂ ਵਿੱਚ ਦੁਪਹਿਰ ਬਾਅਦ ਭਰਵਾਂ ਮੀਂਹ ਪਿਆ ਅਤੇ ਇਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦਿੱਲੀ ਅਤੇ ਐੱਨਸੀਆਰ ਦੇ ਵੱਖ-ਵੱਖ ਸ਼ਹਿਰਾਂ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਕਈ ਥਾਵਾਂ ਉੱਪਰ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੀ ਦੇਖੀਆਂ ਗਈਆਂ। ਦਿੱਲੀ ਤੋਂ ਇਲਾਵਾ ਫਰੀਦਾਬਾਦ ਗੁਰੂਗ੍ਰਾਮ, ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ ਪਲਵਲ ਅਤੇ ਬੱਲਭਗੜ੍ਹ ਵਿੱਚ ਦੁਪਹਿਰ ਤੋਂ ਬਾਅਦ ਮੀਹ ਨਾਲ ਸੜਕਾਂ ਉੱਪਰ ਪਾਣੀ ਇਕੱਠਾ ਹੋ ਗਿਆ। ਭਾਰਤੀ ਮੌਸਮ ਵਿਭਾਗ ਨੇ ਦੱਖਣ, ਦੱਖਣ-ਪੱਛਮ, ਪੱਛਮੀ ਅਤੇ ਉੱਤਰ-ਪੱਛਮੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਬਾਕੀ ਹਿੱਸਿਆਂ ਲਈ ਓਰੇਂਜ ਚਿਤਾਵਨੀ ਜਾਰੀ ਕੀਤੀ ਗਈ ਜੋ ਉਨ੍ਹਾਂ ਖੇਤਰਾਂ ਵਿੱਚ ਜ਼ਿਆਦਾ ਮੀਂਹ ਪੈਣ ਦੀ ਪੇਸ਼ੀਨਗੋਈ ਕਰਦੀ ਹੈ ਅਤੇ ਪਾਣੀ ਭਰਨ ਦੀ ਸਭਾਵਨਾ ਮਹਿਕਮੇ ਵੱਲੋਂ ਪ੍ਰਗਟਾਈ ਗਈ। ਨਵੀਂ ਦਿੱਲੀ ਦੇ ਕਨਾਟ ਪੈਲੇਸ ਵਿੱਚ ਭਾਰੀ ਮੌਨਸੂਨ ਦੀ ਬਾਰਿਸ਼ ਦੌਰਾਨ ਪੈਦਲ ਯਾਤਰੀਆਂ ਨੂੰ ਗੋਡੇ ਗੋਡੇ ਪਾਣੀ ਵਿੱਚ ਦੀ ਲੰਘ ਕੇ ਜਾਣਾ ਪਿਆ।
ਏਅਰਲਾਈਨਾਂ ਨੇ ਉਡਾਣ ਵਿੱਚ ਵਿਘਨ ਦੀ ਚੇਤਾਵਨੀ ਦਿੱਤੀ ਹੈ। ਏਅਰ ਇੰਡੀਆ, ਇੰਡੀਗੋ ਅਤੇ ਹੋਰ ਏਅਰਲਾਈਨਾਂ ਨੇ ਉਡਾਣ ਵਿੱਚ ਦੇਰੀ ਦੀ ਚਿਤਾਵਨੀ ਦਿੱਤੀ ਕਿਉਂਕਿ ਮੌਸਮ ਵਿਭਾਗ ਨੇ ਦਿੱਲੀ ਐੱਨਸੀਆਰ ਵਿੱਚ ਭਾਰੀ ਮੀਹ ਦੀ ਚਿਤਾਵਨੀ ਜਾਰੀ ਕੀਤੀ ਸੀ। ਸਪਾਈਸਜੈੱਟ ਅਤੇ ਏਅਰ ਇੰਡੀਆ ਵਰਗੀਆਂ ਏਅਰਲਾਈਨਾਂ ਨੇ ਮੰਗਲਵਾਰ ਨੂੰ ਆਪਣੇ ਯਾਤਰੀਆਂ ਨੂੰ ਲਗਾਤਾਰ ਮੀਂਹ ਪੈਣ ਕਾਰਨ ਉਡਾਣ ਸੰਚਾਲਨ ਵਿੱਚ ਸੰਭਾਵੀ ਰੁਕਾਵਟਾਂ ਅਤੇ ਦੇਰੀ ਦੇ ਨਾਲ-ਨਾਲ ਭਾਰੀ ਆਵਾਜਾਈ ਬਾਰੇ ਚਿਤਾਵਨੀ ਦਿੱਤੀ। ਸਬੰਧਤ ਏਅਰਲਾਈਨਾਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਬੰਧਤ ਯਾਤਰਾ ਤੋਂ ਪਹਿਲਾਂ ਉਡਾਨ ਕੰਪਨੀਆਂ ਨਾਲ ਸੰਪਰਕ ਰੱਖਣ।