ਭਾਰਤ-ਯੂਰੋਪੀਅਨ ਯੂਨੀਅਨ ਦਰਮਿਆਨ ਵਪਾਰ ਦੀ ਗੱਲਬਾਤ ਤੇਜ਼ੀ ਨਾਲ ਅੱਗੇ ਵਧ ਰਹੀ: ਗੋਇਲ
ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਨਾਲ ਵਪਾਰਕ ਗੱਲਬਾਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਦੋਵੇਂ ਧਿਰਾਂ ਉਸ ਸਮੇਂ ਤੱਕ ਸਮਝੌਤੇ ਨੂੰ ‘ਪ੍ਰਮੁੱਖ ਤੌਰ ’ਤੇ ਪੂਰਾ’ ਕਰਨ ਦੀ ਸਥਿਤੀ ਵਿੱਚ ਹੋਣਗੀਆਂ ਜਦੋਂ ਯੂਰਪੀਅਨ ਯੂਨੀਅਨ ਦੇ ਵਪਾਰ ਅਤੇ ਖੇਤੀਬਾੜੀ ਕਮਿਸ਼ਨਰ ਭਾਰਤ ਦਾ ਦੌਰਾ ਕਰਨਗੇ।
ਦੋਵਾਂ ਧਿਰਾਂ ਦੇ ਮੁੱਖ ਵਾਰਤਾਕਾਰ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਲਈ 13ਵੇਂ ਦੌਰ ਦੀਆਂ ਗੱਲਬਾਤ ਕਰ ਰਹੇ ਹਨ।
ਯੂਰਪੀਅਨ ਯੂਨੀਅਨ ਦੇ ਵਪਾਰ ਕਮਿਸ਼ਨਰ ਮਾਰੋਸ ਸੇਫਕੋਵਿਕ ਅਤੇ ਯੂਰਪੀਅਨ ਯੂਨੀਅਨ ਦੇ ਖੇਤੀਬਾੜੀ ਕਮਿਸ਼ਨਰ ਕ੍ਰਿਸਟੋਫ ਹੈਨਸਨ ਦੀ ਇਸ ਹਫਤੇ ਭਾਰਤ ਦੌਰੇ ਦੀ ਸੰਭਾਵਨਾ ਹੈ।
ਗੋਇਲ ਨੇ ਕਿਹਾ ਕਿ ਦੋਵੇਂ ਧਿਰਾਂ ਸਮਝੌਤੇ ਦੇ ਵੱਖ-ਵੱਖ ਹਿੱਸਿਆਂ ’ਤੇ ਸਹਿਮਤੀ ਲਈ ‘ਬਹੁਤ ਹੀ ਸਰਗਰਮੀ’ ਨਾਲ ਕੰਮ ਕਰ ਰਹੀਆਂ ਹਨ।
ਉਨ੍ਹਾਂ ਨੇ ਕਿਹਾ, “ ਜਦੋਂ ਤੱਕ ਮੇਰੇ ਹਮਰੁਤਬਾ ਮਾਰੋਸ ਸੇਫਕੋਵਿਕ, ਯੂਰਪੀਅਨ ਯੂਨੀਅਨ ਦੇ ਵਪਾਰ ਕਮਿਸ਼ਨਰ ਅਤੇ ਕ੍ਰਿਸਟੋਫ, ਯੂਰਪੀਅਨ ਯੂਨੀਅਨ ਦੇ ਖੇਤੀਬਾੜੀ ਕਮਿਸ਼ਨਰ ਭਾਰਤ ਆਉਣਗੇ ਮੈਨੂੰ ਲੱਗਦਾ ਹੈ ਕਿ ਅਸੀਂ ਸਮਝੌਤੇ ਨੂੰ ਪ੍ਰਮੁੱਖ ਤੌਰ ’ਤੇ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋਵਾਂਗੇ।”
ਦੱਸ ਦਈਏ ਕਿ ਭਾਰਤ ਅਤੇ ਯੂਰਪੀਅਨ ਯੂਨੀਅਨ (EU) ਨੇ ਸੋਮਵਾਰ ਨੂੰ ਪ੍ਰਸਤਾਵਤ ਮੁਕਤ ਵਪਾਰ ਸਮਝੌਤੇ (FTA) ਲਈ 13ਵੇਂ ਦੌਰ ਦੀਆਂ ਗੱਲਬਾਤ ਸ਼ੁਰੂ ਕੀਤੀਆਂ। ਇਸ ਦੌਰੇ ਤੋਂ ਬਾਅਦ ਸੇਫਕੋਵਿਕ 12 ਸਤੰਬਰ ਨੂੰ ਭਾਰਤ ਦਾ ਦੌਰਾ ਕਰਨਗੇ ਤਾਂ ਜੋ ਗੋਇਲ ਨਾਲ ਗੱਲਬਾਤ ਦਾ ਜਾਇਜ਼ਾ ਲਿਆ ਜਾ ਸਕੇ।