ਅਧਿਆਪਕਾਂ ਨੂੰ ਪੰਜਾਬੀ ਪੜ੍ਹਾਉਣ ਦੇ ਨੁਕਤੇ ਦੱਸੇ
ਪੰਜਾਬੀ ਬਾਗ ਇਲਾਕੇ ਸਥਿਤ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਪੰਜਾਬੀ ਅਧਿਆਪਨ ਬਾਰੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਸੀ ਬੀ ਐੱਸ ਸੀ ਦੇ ਬੁਲਾਰੇ ਡਾ. ਮਨਜੀਤ ਸਿੰਘ ਨੇ ਵੱਖ-ਵੱਖ ਸਕੂਲਾਂ ਤੋਂ ਆਏ ਪੰਜਾਬੀ ਅਧਿਆਪਕਾਂ ਨਾਲ ਪੰਜਾਬੀ ਪੜ੍ਹਾਉਣ ਅਤੇ ਉਸ ਨੂੰ ਪ੍ਰਫੁੱਲਤ ਕਰਨ ਦੇ ਨੁਕਤੇ ਸਾਂਝੇ ਕੀਤੇ। ਸੈਮੀਨਾਰ ਦੀ ਆਰੰਭਤਾ ਮੂਲ ਮੰਤਰ ਦੇ ਜਾਪ ਨਾਲ ਹੋਈ। ਉਪਰੰਤ ਸਕੂਲ ਦੇ ਪੰਜਾਬੀ ਵਿਭਾਗ ਦੀ ਮੁਖੀ ਬਲਵਿੰਦਰ ਕੌਰ ਕੰਗ ਨੇ ਅਧਿਆਪਕਾਂ ਨਾਲ ਸੈਮੀਨਾਰ ਦੇ ਉਦੇਸ਼ ਬਾਰੇ ਸਾਂਝ ਪਾਈ। ਸਕੂਲ ਪ੍ਰਿੰਸੀਪਲ ਜਸਵਿੰਦਰ ਕੌਰ ਨੇ ਡਾ. ਮਨਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਪ੍ਰਦੀਪ ਕੁਮਾਰ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ। ਇਸ ਮੌਕੇ 100 ਤੋਂ ਵੱਧ ਸੈਮੀਨਾਰਾਂ ਰਾਹੀਂ ਪੰਜਾਬੀ ਭਾਸ਼ਾ ਦੀ ਵੱਡੀ ਸੇਵਾ ਕਰਨ ਵਾਲੇ ਡਾ. ਮਨਜੀਤ ਸਿੰਘ ਨੇ ਹਾਜ਼ਰ ਅਧਿਆਪਕਾਂ ਨੂੰ ਪੰਜਾਬੀ ਭਾਸ਼ਾ ਬੋਲਣ, ਲਿਖਣ, ਸਮਝਣ ਅਤੇ ਪ੍ਰਚਾਰਨ ਸਬੰਧੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਅਧਿਆਪਕਾਂ ਨੂੰ ਪੰਜਾਬੀ ਭਾਸ਼ਾ ਪੜ੍ਹਾਉਣ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੂਰ ਕਰਨ ਦੇ ਵੱਡਮੁਲੇ ਨੁਕਤੇ ਵੀ ਦੱਸੇ। ਡਾ. ਮਨਜੀਤ ਸਿੰਘ ਨੇ ਇਹ ਵੀ ਸਮਝਾਇਆ ਕਿ ਪੜ੍ਹਾਉਣ ਲਈ ਪਹਿਲਾਂ ਇੰਨਾ ਪੜ੍ਹਨ ਦੀ ਲੋੜ ਹੈ ਕਿ ਪੜ੍ਹਾਉਣ ਜੋਗੇ ਹੋ ਜਾਈਏ। ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਭਾਸ਼ਾ ਦੇ ਨਾਲ-ਨਾਲ ਤੁਰਨਾ ਬਹੁਤ ਜ਼ਰੂਰੀ ਹੁੰਦਾ ਹੈ। ਅੰਤ ’ਚ ਸੈਮੀਨਾਰ ਵਿੱਚ ਹਿੱਸਾ ਲੈਣ ਵਾਲੇ ਸਾਰੇ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ।
