ਪੰਜਾਬੀ ਭਾਸ਼ਾ ’ਚ ਭਵਿੱਖ ਬਣਾਉਣ ਦੇ ਗੁਰ ਦੱਸੇ
ਇੱਥੋਂ ਦੇ ਲਕਸ਼ਮੀ ਬਾਈ ਕਾਲਜ ਵਿੱਚ ਗਰੈਜੂਏਸ਼ਨ ਪੱਧਰ ’ਤੇ ਪੰਜਾਬੀ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਕਰੀਅਰ ਵਰਕਸ਼ਾਪ ਕਰਵਾਈ ਗਈ। ਕਾਲਜ ਪ੍ਰਿੰਸੀਪਲ ਪ੍ਰੋ. ਲਤਾ ਸ਼ਰਮਾ ਅਤੇ ਪੰਜਾਬੀ ਵਿਭਾਗ ਇੰਚਾਰਜ ਡਾ. ਨਿਰਮਲ ਸ਼ਾਹਿਦ ਅਤੇ ਡਾ. ਸਵਰਨਜੀਤ ਕੌਰ ਦੇ ਸੱਦੇ ’ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਹਦਰਾ ਦੇ ਪੰਜਾਬੀ ਵਿਸ਼ੇ ਦੇ ਲੈਕਚਰਾਰ ਪ੍ਰਕਾਸ਼ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਰਾਹੀਂ ਕਰੀਅਰ ਬਣਾਉਣ ਲਈ ਗੁਰ ਦੱਸੇ। ਪ੍ਰਕਾਸ਼ ਗਿੱਲ ਦਾ ਡਾ. ਨਿਰਮਲ ਸ਼ਾਹਿਦ ਨੇ ਕੀਤਾ। ਇਸ ਮਗਰੋਂ ਪ੍ਰਕਾਸ਼ ਗਿੱਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅਜੋਕੇ ਸਮੇਂ ’ਚ ਪੰਜਾਬੀ ਭਾਸ਼ਾ ਰਾਹੀਂ ਭਵਿੱਖ ਬਣਾਉਣ ਦੇ ਉਨ੍ਹਾਂ ਕੋਲ ਸੈਂਕੜੇ ਮੌਕੇ ਮੁਹੱਈਆ ਹਨ। ਵਿਦਿਆਰਥੀ ਜੇਕਰ ਸਕੂਲ ਪੱਧਰ ’ਤੇ ਦੱਸਵੀਂ ਤੱਕ ਪੰਜਾਬੀ ਭਾਸ਼ਾ ਨੂੰ ਪੜ੍ਹਦੇ ਹਨ ਤਾਂ ਉਹ ‘ਪੰਜਾਬੀ ਦੇ ਟਾਈਪਿਸਟ’ ਬਣ ਸਕਦੇ ਹਨ। ਬਾਰ੍ਹਵੀਂ ਤੱਕ ਪੰਜਾਬੀ ਵਿਸ਼ਾ ਲੈਣ ਵਾਲੇ ਵਿਦਿਆਰਥੀ ਦਿੱਲੀ ਦੇ ਡਾਈਟ ਕੇਂਦਰ ਵਿੱਚ ਦੋ ਸਾਲ ਦੇ ਡਿਪਲੋਮਾ ਕੋਰਸ ਰਾਹੀਂ ‘ਅਧਿਆਪਕ’ ਬਣ ਸਕਦੇ ਹਨ। ਇਸੇ ਤਰ੍ਹਾਂ ਜੇਕਰ ਵਿਦਿਆਰਥੀ ਗਰੈਜੂਏਸ਼ਨ ਪੱਧਰ ਤੱਕ ਪੰਜਾਬੀ ਵਿਸ਼ੇ ਦੀ ਪੜ੍ਹਾਈ ਕਰਦੇ ਹਨ ਤਾਂ ਉਹ ਪ੍ਰਿੰਟ, ਬਿਜਲਈ ਮੀਡੀਆ ਵਿੱਚ ਪੱਤਰਕਾਰੀ, ਐਂਕਰਿੰਗ ਅਤੇ ਐਡੀਟਿੰਗ ਵੱਜੋਂ ਆਪਣਾ ਭਵਿੱਖ ਬਣਾ ਸਕਦੇ ਹਨ। ਕੈਲੀਗ੍ਰਾਫੀ ਦਾ ਸ਼ੌਕ ਰੱਖਣ ਵਾਲੇ ਵਿਦਿਆਰਥੀ ਮਲਟੀਮੀਡੀਆ ਦੇ ਨਾਲ-ਨਾਲ ਪਰੂਫ਼ ਰੀਡਿੰਗ, ਵਿਗਿਆਪਨ ਜਗਤ, ਸਕੂਲ ਵਿੱਚ ਸੀਨੀਅਰ ਜਮਾਤਾਂ ਦੇ ਅਧਿਆਪਕ ਅਤੇ ਕਾਲਜ ਵਿੱਚ ਲੈਕਚਰਾਰ ਬਣ ਸਕਦੇ ਹਨ। ਇਸ ਮੌਕੇ ਡਾ. ਵਿਭਾ ਸ਼ਰਮਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਬਹੁਤ ਹੀ ਮਿੱਠੀ ਭਾਸ਼ਾ ਹੈ।
