DSGMC elections: ਹਰਮੀਤ ਸਿੰਘ ਕਾਲਕਾ ਪ੍ਰਧਾਨ ਤੇ ਜਗਦੀਪ ਸਿੰਘ ਕਾਹਲੋਂ ਜਨਰਲ ਸਕੱਤਰ ਬਣੇ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜਕਾਰਨੀ ਦੀ ਅੱਜ ਹੋਈ ਚੋਣ ਵਿਚ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੂੰ ਮੁੜ ਇਨ੍ਹਾਂ ਅਹੁਦਿਆਂ ਲਈ ਚੁਣਿਆ ਗਿਆ। ਕਮੇਟੀ ਦੀ ਕਾਰਜਕਾਰਨੀ ਵਿੱਚ ਬਹੁਤੀ ਤਬਦੀਲੀ ਨਹੀਂ ਕੀਤੀ ਗਈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਚੋਣ ਦਾ ਬਾਈਕਾਟ ਕੀਤਾ ਗਿਆ। ਸਿੰਘ ਸਭਾਵਾਂ ਦੇ ਲਾਟਰੀ ਸਿਸਟਮ ਨਾਲ ਚੁਣੇ ਗਏ ਦੋ ਮੈਂਬਰਾਂ ਨੇ ਆਪਣਾ ਇੱਕ ਪੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਇਸ ਚੋਣ ਪ੍ਰਕਿਰਿਆ ਦਾ ਬਾਈਕਾਟ ਕੀਤਾ। ਲਾਟਰੀ ਨਾਲ ਚੁਣੇ ਗਏ ਮੈਂਬਰਾਂ ਦੇ ਰੱਫੜ ਨਾਲ ਜੁੜਿਆ ਮੁਕੱਦਮਾ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਚੋਣ ਪ੍ਰਕਿਰਿਆ ਪੂਰੀ ਕਰਨ ਲਈ ਗੁਰਦੁਆਰਾ ਚੋਣ ਬੋਰਡ ਦਿੱਲੀ ਸਰਕਾਰ ਦੇ ਡਾਇਰੈਕਟੋਰੇਟ ਮਨਮਿੰਦਰ ਸਿੰਘ ਵੀ ਆਏ ਸਨ ਅਤੇ ਹੋਰ ਅਮਲਾ ਵੀ ਇਸ ਮੌਕੇ ਹਾਜ਼ਰ ਸੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਕਮੇਟੀ ਦਫ਼ਤਰ ਵਿਖੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਦਫ਼ਤਰ ਦੇ ਮੁੱਖ ਗੇਟ ਅੱਗੇ ਸੁਰੱਖਿਆ ਦਸਤਾ ਤਾਇਨਾਤ ਸੀ, ਜਿਸ ਤੋਂ ਅੱਗੇ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਜਾਣ ਦਿੱਤਾ ਗਿਆ, ਜਿਨ੍ਹਾਂ ਦੀ ਇਸ ਚੋਣ ਪ੍ਰਕਿਰਿਆ ਦੌਰਾਨ ਲੋੜ ਸੀ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਜ਼ਿਆਦਾਤਰ ਮੈਂਬਰ ਰਕਾਬਗੰਜ ਸਾਹਿਬ ਦੇ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਪਹੁੰਚੇ ਜਦੋਂਕਿ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੌਣੇ 11 ਵਜੇ ਤੱਕ ਵੀ ਨਹੀਂ ਪਹੁੰਚੇ ਸਨ।