ਦਿੱਲੀ ਦੇ ਵਾੜਾ ਹਿੰਦੂ ਰਾਓ ਵਿੱਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ, ਇਕ ਮੌਤ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਜੁਲਾਈ
ਦਿੱਲੀ ਦੇ ਵਾੜਾ ਹਿੰਦੂ ਰਾਓ ਖੇਤਰ ਵਿੱਚ ਸ਼ੁੱਕਰਵਾਰ ਵੱਡੇ ਤੜਕੇ ਦੁਕਾਨਾਂ ਵਾਲੀ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਪੀੜਤ ਦੀ ਪਛਾਣ ਮਨੋਜ ਸ਼ਰਮਾ (46) ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਤੜਕੇ 1:56 ਵਜੇ ਦੇ ਕਰੀਬ ਵਾਪਰੀ।
ਦਿੱਲੀ ਪੁਲੀਸ ਨੇ ਦੱਸਿਆ ਕਿ ਉੱਤਰੀ ਦਿੱਲੀ ਦੇ ਆਜ਼ਾਦ ਮਾਰਕੀਟ ਨੇੜੇ ਵਾੜਾ ਹਿੰਦੂ ਰਾਓ ਖੇਤਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਟੋਕਰੀ ਵਾਲਨ, ਪੁਲ ਮਿਠਾਈ ਵਿਖੇ ਤੜਕੇ 2 ਵਜੇ ਦੇ ਕਰੀਬ ਵਾਪਰੀ ਅਤੇ ਪੀਸੀਆਰ ਕਾਲਾਂ ਰਾਹੀਂ ਪੁਲੀਸ ਨੂੰ ਸੂਚਿਤ ਕੀਤਾ ਗਿਆ।
ਇਮਾਰਤ ਵਿੱਚ ਜ਼ਮੀਨੀ ਮੰਜ਼ਿਲ ’ਤੇ ਤਿੰਨ ਦੁਕਾਨਾਂ 5ਏ, 6ਏ, ਅਤੇ 7ਏ ਸਨ, ਜਿੱਥੇ ਬੈਗ ਅਤੇ ਕੈਨਵਸ ਕੱਪੜਾ ਵੇਚਿਆ ਜਾਂਦਾ ਸੀ। ਗੋਦਾਮ ਪਹਿਲੀ ਮੰਜ਼ਿਲ ’ਤੇ ਸਨ। ਮਲਬੇ ’ਚੋਂ ਮਨੋਜ ਸ਼ਰਮਾ ਉਰਫ਼ ਪੱਪੂ ਨਾਂ ਦੇ ਵਿਅਕਤੀ ਦੀ ਲਾਸ਼ ਮਿਲੀ ਹੈ। ਉਹ ਪਿਛਲੇ 30 ਸਾਲਾਂ ਤੋਂ ਗੁਲਸ਼ਨ ਮਹਾਜਨ ਦੀ ਮਾਲਕੀ ਵਾਲੀ ਦੁਕਾਨ ਨੰਬਰ 7ਏ ’ਤੇ ਕੰਮ ਕਰ ਰਿਹਾ ਸੀ। ਸ਼ਰਮਾ ਨੂੰ ਹਿੰਦੂ ਰਾਓ ਹਸਪਤਾਲ ਪਹੁੰਚਣ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਇਮਾਰਤ ਦੇ ਸਾਹਮਣੇ ਖੜ੍ਹਾ ਇੱਕ ਟਰੱਕ ਵੀ ਨੁਕਸਾਨਿਆ ਗਿਆ। ਚੇਤਾਵਨੀ ਤੋਂ ਬਾਅਦ ਦਿੱਲੀ ਫਾਇਰ ਸਰਵਿਸਿਜ਼, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ), ਸੈਂਟਰਲਾਈਜ਼ਡ ਐਕਸੀਡੈਂਟ ਐਂਡ ਟਰਾਮਾ ਸਰਵਿਸਿਜ਼ (ਸੀਏਟੀਐੱਸ), ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐਮਏ) ਅਤੇ ਪੁਲੀਸ ਅਪਰਾਧ ਮਹਿਕਮੇ ਦੀਆਂ ਟੀਮਾਂ ਬਚਾਅ ਅਤੇ ਰਾਹਤ ਕਾਰਜਾਂ ਲਈ ਮੌਕੇ ’ਤੇ ਪਹੁੰਚ ਗਈਆਂ।
ਅਧਿਕਾਰੀਆਂ ਨੂੰ ਸ਼ੱਕ ਹੈ ਕਿ ਨੇੜਲੇ ਮੈਟਰੋ ਨਿਰਮਾਣ ਕਾਰਨ ਇਮਾਰਤ ਡਿੱਗੀ ਹੋ ਸਕਦੀ ਹੈ, ਪਰ ਅਸਲ ਕਾਰਨਾਂ ਦਾ ਪਤਾ ਡੂੰਘਾਈ ਨਾਲ ਜਾਂਚ ਤੋਂ ਬਾਅਦ ਪਤਾ ਲੱਗੇਗਾ। ਮਾਮਲਾ ਜਾਂਚ ਅਧੀਨ ਹੈ। ਭਾਰਤੀ ਦੰਡ ਸੰਹਿਤਾ ਦੀ ਧਾਰਾ 106(1) ਅਤੇ 290 ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।