ਦਿੱਲੀ ਦੇ ਸਕੂਲਾਂ ਨੂੰ ਧਮਕੀ: ‘ਆਪ’ ਨੇ ਭਾਜਪਾ ਨੂੰ ਘੇਰਿਆ
ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਵਿੱਚ ਸਕੂਲਾਂ ਨੂੰ ਲਗਾਤਾਰ ਬੰਬ ਦੀਆਂ ਧਮਕੀਆਂ ਦੇ ਮਾਮਲੇ ’ਚ ਇੱਕ ਵੀ ਸ਼ੱਕੀ ਨੂੰ ਨਾ ਫੜਨ ਵਿੱਚ ਦਿੱਲੀ ਪੁਲੀਸ ਦੀ ਨਾਕਾਮੀ ਦਾ ਹਵਾਲਾ ਦਿੰਦੇ ਹੋਏ ਭਾਜਪਾ ਸਰਕਾਰ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਸਮੇਤ ਹੋਰ ਨੇਤਾਵਾਂ ਨੇ ਚਾਰ-ਇੰਜਣ ਵਾਲੀ ਭਾਜਪਾ ਸਰਕਾਰ ਨੂੰ ਦਿੱਲੀ ਲਈ ਸੁਰੱਖਿਅਤ ਵਾਤਾਵਰਨ ਯਕੀਨੀ ਬਣਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਐਲਾਨਿਆ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਭਾਜਪਾ ਦੀ ਚਾਰ-ਇੰਜਣ ਸਰਕਾਰ ਦੇ ਬਾਵਜੂਦ, ਦਿੱਲੀ ਵਿੱਚ ਸੁਰੱਖਿਆ ਦੀ ਸਥਿਤੀ ਅਜਿਹੀ ਹੈ ਕਿ ਦੋ ਸਕੂਲਾਂ ਨੂੰ ਇੱਕ ਹੋਰ ਬੰਬ ਦੀ ਧਮਕੀ ਮਿਲੀ, ਜਿਸ ਨਾਲ ਦਹਿਸ਼ਤ ਫੈਲ ਗਈ। ਬੱਚੇ ਅਤੇ ਮਾਪੇ ਡਰ ਨਾਲ ਸਹਿਮ ਗਏ। ਉਨ੍ਹਾਂ ਕਿਹ ਕਿ ਹਾਈ ਕੋਰਟ ਨੂੰ ਵੀ ਪਹਿਲਾਂ ਅਜਿਹੀ ਹੀ ਧਮਕੀ ਮਿਲੀ ਸੀ। ਦਿੱਲੀ ਵਿੱਚ ਲਗਾਤਾਰ ਅਜਿਹੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸ ਨਾਲ ਲੋਕਾਂ ਵਿੱਚ ਡਰ ਫੈਲ ਰਿਹਾ ਹੈ। ਪਰ ਭਾਜਪਾ ਦੀ ਦਿੱਲੀ ਪੁਲੀਸ ਅਤੇ ਜਾਂਚ ਏਜੰਸੀਆਂ ਬੇਫਿਕਰ ਜਾਪਦੀਆਂ ਹਨ। ਅੱਜ ਤੱਕ ਉਹ ਇਹ ਪਛਾਣ ਨਹੀਂ ਕਰ ਸਕੇ ਹਨ ਕਿ ਇਨ੍ਹਾਂ ਧਮਕੀਆਂ ਪਿੱਛੇ ਕੌਣ ਹੈ। ਸਵਾਲ ਖੜ੍ਹਾ ਕਰਦਿਆਂ ‘ਆਪ’ ਨੇ ਕਿਹਾ ਕਿ ਦਿੱਲੀ ਦੀ ਸੁਰੱਖਿਆ ਲਈ ਜ਼ਿੰਮੇਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਆਖਰਕਾਰ ਕਦੋਂ ਜਾਗਣਗੇ।
ਅਰਵਿੰਦ ਕੇਜਰੀਵਾਲ ਨੇ ਐਕਸ ‘ਤੇ ਕਿਹਾ ਕਿ ਦਿੱਲੀ ਦੇ ਸਕੂਲਾਂ ਨੂੰ ਵਾਰ-ਵਾਰ ਬੰਬ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਨਾਲ ਹਰ ਪਾਸੇ ਦਹਿਸ਼ਤ ਪੈਦਾ ਹੁੰਦੀ ਹੈ, ਜਿਸ ਕਾਰਨ ਸਕੂਲ ਛੁੱਟੀਆਂ ਹੋ ਜਾਂਦੀਆਂ ਹਨ, ਅਤੇ ਬੱਚਿਆਂ ਅਤੇ ਮਾਪਿਆਂ ਵਿੱਚ ਡਰ ਫੈਲ ਜਾਂਦਾ ਹੈ, ਫਿਰ ਵੀ ਇੱਕ ਸਾਲ ਤੋਂ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਚਾਰ-ਇੰਜਣ ਵਾਲੀ ਭਾਜਪਾ ਸਰਕਾਰ ਰਾਜਧਾਨੀ ਦੀ ਸੁਰੱਖਿਆ ਦਾ ਪ੍ਰਬੰਧ ਕਰਨ ਵਿੱਚ ਅਸਮਰੱਥ ਹੈ। ਮਾਪੇ ਹਰ ਰੋਜ਼ ਡਰ ਵਿੱਚ ਜੀ ਰਹੇ ਹਨ।
ਇਸ ਦੌਰਾਨ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਵੀ ਸਕੂਲਾਂ ਵਿਰੁੱਧ ਬੰਬ ਧਮਕੀਆਂ ‘ਤੇ ਭਾਜਪਾ ਦੀ ਆਲੋਚਨਾ ਕੀਤੀ। ਆਤਿਸ਼ੀ ਨੇ ਕਿਹਾ ਇਸ ਮਾਹੌਲ ਵਿੱਚ ਮਾਪੇ ਰੋਜ਼ਾਨਾ ਡਰ ਵਿੱਚ ਜੀਅ ਰਹੇ ਹਨ, ਭਾਜਪਾ ਦੀ ਚਾਰ ਇੰਜਣਾਂ ਵਾਲੀ ਸਰਕਾਰ ਬੇਪਰਵਾਹ ਜਾਪਦੀ ਹੈ। ਇਸ ਦੌਰਾਨ, ਐੱਮ.ਸੀ.ਡੀ. ਵਿੱਚ ਵਿਰੋਧੀ ਧਿਰ ਦੇ ਨੇਤਾ ਅੰਕੁਸ਼ ਨਾਰੰਗ ਨੇ ਵੀ ਦਿੱਲੀ ਵਿੱਚ ਸੁਰੱਖਿਆ ਨੂੰ ਲੈ ਕੇ ਭਾਜਪਾ ਸਰਕਾਰ ’ਤੇ ਸਵਾਲ ਚੁੱਕੇ। ਜ਼ਿਕਰਯੋਗ ਹੈ ਕਿ ਅੱਜ ਦਿੱਲੀ ਵਿੱਚ ਮੁੜ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ, ਜਿਸ ਮਗਰੋਂ ਸਕੂਲਾਂ ਵਿੱਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ, ਹਾਲਾਂਕਿ ਸੁਰੱਖਿਆ ਟੀਮਾਂ ਵੱਲੋਂ ਜਾਂਚ ਕਰਨ ਮਗਰੋਂ ਇਹ ਧਮਕੀਆਂ ਨੂੰ ਝੂਠਾ ਐਲਾਨ ਦਿੱਤਾ ਗਿਆ। ਸਕੂਲਾਂ ਨੂੰ ਮਿਲ ਰਹੀਆਂ ਲਗਾਤਾਰ ਧਮਕੀਆਂ ਨੂੰ ਲੈ ਕੇ ‘ਆਪ’ ਨੇ ਦਿੱਲੀ ਦੀ ਸਰਕਾਰ ’ਤੇ ਨਿਸ਼ਾਨੇ ਸੇਧੇ ਹਨ। ਇਸ ਤੋਂ ਪਹਿਲਾਂ ਵੀ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਦੀਆਂ ਧਮਕੀਆਂ ਮਿਲੀਆਂ ਹਨ। ਉਸ ਵੇਲੇ ਵੀ ਦਿੱਲੀ ਦੀ ਸਿਆਸਤ ਸਿਖ਼ਰਾਂ ’ਤੇ ਸੀ। ਹਾਲਾਤ ਅਜਿਹੇ ਬਣ ਗਏ ਸੀ ਕਿ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਬੰਦ ਕਰ ਦਿੱਤਾ ਸੀ। ਮਾਪਿਆਂ ਦਾ ਹੁਣ ਵੀ ਇਹੀ ਕਹਿਣਾ ਹੈ ਕਿ ਇਨ੍ਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਕਰ ਕੇ ਦੋਸ਼ੀਆਂ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ ਅਤੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਹੁਣ ਫਿਰ ਤੋਂ ਦਿੱਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਮਗਰੋਂ ਮਾਪਿਆਂ ਵਿੱਚ ਡਰ ਦਾ ਮਾਹੌਲ ਹੈ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਨਾਲ ਬੱਚਿਆਂ ਦੀ ਪੜ੍ਹਾਈ ’ਤੇ ਡੂੰਘਾ ਅਸਰ ਪੈਂਦਾ ਹੈ।