ਦਿੱਲੀ ਵਿੱਚ ਅਦਾਲਤਾਂ ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਦਿੱਲੀ ਵਿੱਚ ਕਈ ਅਦਾਲਤਾਂ ਸਾਕੇਤ, ਦਵਾਰਕਾ ਅਤੇ ਪਟਿਆਲਾ ਹਾਊਸ ਦੇ ਨਾਲ-ਨਾਲ ਦੋ ਸੀਆਰਪੀਐਫ ਵਲੋਂ ਚਲਾਏ ਜਾ ਰਹੇ ਸਕੂਲਾਂ ਨੂੰ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਜਿਸ ਕਾਰਨ ਕੌਮੀ ਰਾਜਧਾਨੀ ਵਿੱਚ ਵੱਡੇ ਪੱਧਰ ’ਤੇ ਸੁਰੱਖਿਆ ਜਾਂਚ ਕੀਤੀ ਗਈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇੱਕ ਅਤਿਵਾਦੀ ਮੌਡਿਊਲ ਦੇ ਨਾਮ ’ਤੇ ਭੇਜੀ ਗਈ ਇੱਕ ਈਮੇਲ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਵੇਰੇ ਤੜਕੇ ਅਦਾਲਤ ਦੇ ਅਹਾਤੇ ਵਿੱਚ ਵਿਸਫੋਟਕ ਪਦਾਰਥ ਲਗਾਏ ਗਏ ਹਨ। ਇਸ ਤੋਂ ਬਾਅਦ ਬੰਬ ਨੂੰ ਨਕਾਰਾ ਕਰਨ ਵਾਲਾ ਦਸਤਾ, ਡੌਗ ਸਕੁਐਡ ਅਤੇ ਪੁਲੀਸ ਦੀਆਂ ਕਈ ਟੀਮਾਂ ਜ਼ਿਲ੍ਹਾ ਅਦਾਲਤੀ ਕੰਪਲੈਕਸਾਂ ਵਿਚ ਤਾਇਨਾਤ ਕੀਤੀਆਂ ਗਈਆਂ। ਪੁਲੀਸ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਉਨ੍ਹਾਂ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਪੁਲੀਸ ਕੰਟਰੋਲ ਰੂਮ (ਪੀਸੀਆਰ) ਨੂੰ ਫ਼ੋਨ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਪ੍ਰਸ਼ਾਂਤ ਵਿਹਾਰ ਅਤੇ ਦਵਾਰਕਾ ਵਿੱਚ ਸੀਆਰਪੀਐਫ ਸਕੂਲਾਂ ਦੇ ਅੰਦਰ ਬੰਬ ਰੱਖੇ ਗਏ ਹਨ ਅਤੇ ਉਸ ਨੂੰ ਪੁਲੀਸ ਦੀ ਮਦਦ ਦੀ ਲੋੜ ਹੈ। ਇਸ ਤੋਂ ਬਾਅਦ ਪੁਲੀਸ ਟੀਮਾਂ ਨੂੰ ਧਮਕੀ ਵਾਲੀਆਂ ਥਾਵਾਂ 'ਤੇ ਭੇਜਿਆ ਗਿਆ ਅਤੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ।
ਪੁਲੀਸ ਅਧਿਕਾਰੀ ਨੇ ਕਿਹਾ, ‘ਅਸੀਂ ਸਕੂਲਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਅਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਸ ਤੋਂ ਪਹਿਲਾਂ ਦਿੱਲੀ ਫਾਇਰ ਸਰਵਿਸਿਜ਼ ਦੇ ਮੁਲਾਜ਼ਮਾਂ ਨੂੰ ਵੀ ਸੱਦਿਆ ਗਿਆ। ਪੀਟੀਆਈ
