ਦਿੱਲੀ ਦੇ ਕਰੀਬ 50 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਕੌਮੀ ਰਾਜਧਾਨੀ ਦੇ ਕਰੀਬ 50 ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਪੁਲੀਸ ਤੇ ਹੋਰ ਐਮਰਜੈਂਸੀ ਏਜੰਸੀਆਂ ਨੇ ਫੌਰੀ ਹਰਕਤ ਵਿਚ ਆਉਂਦਿਆਂ ਤਲਾਸ਼ੀ ਮੁਹਿੰਮ ਵਿੱਢ ਦਿੱੱਤੀ। ਪੁਲੀਸ ਸੂਤਰਾਂ ਨੇ ਕਿਹਾ ਕਿ ਰਾਜਧਾਨੀ ਵਿੱਚ ਕਰੀਬ 50 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਇਨ੍ਹਾਂ ਵਿੱਚ ਦਵਾਰਕਾ ਵਿੱਚ ਰਾਹੁਲ ਮਾਡਲ ਸਕੂਲ ਅਤੇ ਮੈਕਸਫੋਰਟ ਸਕੂਲ ਅਤੇ ਪ੍ਰਸਾਦ ਨਗਰ ਵਿੱਚ ਮਾਲਵੀਆ ਨਗਰ ਵਿੱਚ ਐਸਕੇਵੀ ਅਤੇ ਪ੍ਰਸਾਦ ਨਗਰ ਵਿੱਚ ਆਂਧਰਾ ਸਕੂਲ ਸ਼ਾਮਲ ਹਨ।
ਦਿੱਲੀ ਫਾਇਰ ਸਰਵਿਸਿਜ਼ ਮੁਤਾਬਕ ਦੋ ਸਕੂਲਾਂ, ਮਾਲਵੀਆ ਨਗਰ ਵਿੱਚ ਐਸਕੇਵੀ ਅਤੇ ਪ੍ਰਸਾਦ ਨਗਰ ਵਿੱਚ ਆਂਧਰਾ ਸਕੂਲ, ਵਿੱਚ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਕ੍ਰਮਵਾਰ ਸਵੇਰੇ 7.40 ਵਜੇ ਅਤੇ 7.42 ਵਜੇ ਮਿਲੀਆਂ। ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਟੀਮਾਂ, ਫਾਇਰ ਕਰਮਚਾਰੀਆਂ ਅਤੇ ਬੰਬ ਨਕਾਰਾ ਦਸਤੇ ਨਾਲ ਤੁਰੰਤ ਇਮਾਰਤਾਂ ਵਿੱਚ ਪਹੁੰਚ ਗਈਆਂ। ਇਹ ਤਾਜ਼ਾ ਧਮਕੀ 18 ਅਗਸਤ ਨੂੰ ਸ਼ਹਿਰ ਭਰ ਦੇ 32 ਸਕੂਲਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲਣ ਤੋਂ ਦੋ ਦਿਨ ਬਾਅਦ ਆਈ ਹੈ, ਜੋ ਬਾਅਦ ਵਿੱਚ ਝੂਠੀਆਂ ਸਾਬਤ ਹੋਈਆਂ।