ਕੌਮੀ ਰਾਜਧਾਨੀ ਦਿੱਲੀ ਦੇ ਲਗਪਗ 50 ਸਕੂਲਾਂ ਨੂੰ ਅੱਜ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਤੇ ਹੋਰ ਐਮਰਜੈਂਸੀ ਏਜੰਸੀਆਂ ਨੇ ਫੌਰੀ ਹਰਕਤ ਵਿਚ ਆਉਂਦਿਆਂ ਤਲਾਸ਼ੀ ਮੁਹਿੰਮ ਵਿੱਢ ਦਿੱੱਤੀ।
ਪੁਲੀਸ ਸੂਤਰਾਂ ਨੇ ਕਿਹਾ ਕਿ ਦਿੱਲੀ ਵਿੱਚ ਲਗਪਗ 50 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਇਨ੍ਹਾਂ ਵਿੱਚ ਦਵਾਰਕਾ ਵਿੱਚ ਰਾਹੁਲ ਮਾਡਲ ਸਕੂਲ ਤੇ ਮੈਕਸਫੋਰਟ ਸਕੂਲ, ਮਾਲਵੀਆ ਨਗਰ ਵਿੱਚ ਐਸਕੇਵੀ ਅਤੇ ਪ੍ਰਸਾਦ ਨਗਰ ’ਚ ਆਂਧਰਾ ਸਕੂਲ ਸ਼ਾਮਲ ਹਨ।
ਦਿੱਲੀ ਫਾਇਰ ਸਰਵਿਸਿਜ਼ ਮੁਤਾਬਕ ਦੋ ਸਕੂਲਾਂ ਮਾਲਵੀਆ ਨਗਰ ’ਚ ਐੱਸਕੇਵੀ ਅਤੇ ਪ੍ਰਸਾਦ ਨਗਰ ਵਿੱਚ ਆਂਧਰਾ ਸਕੂਲ ਵਿੱਚ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਕ੍ਰਮਵਾਰ ਸਵੇਰੇ 7.40 ਵਜੇ ਅਤੇ 7.42 ਵਜੇ ਮਿਲੀਆਂ। ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਟੀਮਾਂ ਫਾਇਰ ਕਰਮਚਾਰੀਆਂ ਅਤੇ ਬੰਬ ਨਕਾਰਾ ਦਸਤੇ ਨਾਲ ਤੁਰੰਤ ਇਮਾਰਤਾਂ ’ਚ ਪਹੁੰਚ ਗਈਆਂ।
ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਇਹ ਧਮਕੀ 18 ਅਗਸਤ ਨੂੰ ਸ਼ਹਿਰ ਵਿੱਚ 32 ਸਕੂਲਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲਣ ਤੋਂ ਦੋ ਦਿਨ ਬਾਅਦ ਮਿਲੀ ਹੈ। ਉਹ ਸਾਰੀਆਂ ਧਮਕੀਆਂ ਬਾਅਦ ਵਿੱਚ ਝੂਠੀਆਂ ਸਾਬਤ ਹੋਈਆਂ ਸਨ।
ਜੈਪੁਰ ਵਿੱਚ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਜੈਪੁਰ: ਰਾਜਸਥਾਨ ਦੇ ਜੈਪੁਰ ’ਚ ਦੋ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਕਾਰਨ ਦਹਿਸ਼ਤ ਫੈਲ ਗਈ। ਇਸ ਮਗਰੋਂ ਅੱਜ ਸਵੇਰੇ ਤਲਾਸ਼ੀ ਮੁਹਿੰਮ ਚਲਾਈ ਗਈ ਹਾਲਾਂਕਿ ਇਸ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਮੰਗਲਵਾਰ ਰਾਤ ਨੂੰ ਮਿਲੀ ਜਿਹੜੀ ਸਕੂਲ ਸਟਾਫ ਨੇ ਅੱਜ ਸਵੇਰੇ ਦੇਖਣ ਮਗਰੋਂ ਪੁਲੀਸ ਨੂੰ ਸੂਚਨਾ ਦਿੱਤੀ। ਸਥਾਨਕ ਪੁਲੀਸ ਟੀਮਾਂ, ਬੰਬ ਨਕਾਰਾ ਦਸਤੇ, ਅਤਿਵਾਦ ਰੋਕੂ ਦਸਤੇ (ਏਟੀਐੱਸ) ਦੇ ਡਾਗ ਸਕੁਐਡ ਨੇ ਮੌਕੇ ’ਤੇ ਪਹੁੰਚ ਕੇ ਸਕੂਲ ਇਮਾਰਤਾਂ ਦੀ ਤਲਾਸ਼ੀ ਲਈ ਪਰ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਹਤਿਆਤ ਵਜੋਂ ਵਿਦਿਆਰਥੀਆਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ। ਸੂਬਾ ਪੁਲੀਸ ਦੀ ਸਾਈਬਰ ਟੀਮ ਨੂੰ ਧਮਕੀ ਵਾਲੀਆਂ ਈਮੇਲਾਂ ਦੇ ਸਰੋਤ ਦਾ ਪਤਾ ਲਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।