ਕਾਰੋਬਾਰੀ ਨੂੰ ਬੰਦੀ ਬਣਾ ਕੇ ਲੁੱਟਣ ਵਾਲੇ ਗ੍ਰਿਫ਼ਤਾਰ
ਇਥੇ ਬਾਹਰੀ ਦਿੱਲੀ ਵਿੱਚ ਪੁਲੀਸ ਨੇ ਮੁਖਰਜੀ ਨਗਰ ਪੁਲੀਸ ਸਟੇਸ਼ਨ ਖੇਤਰ ਵਿੱਚ ਇੱਕ ਕਾਰੋਬਾਰੀ ਨੂੰ ਉਸ ਦੇ ਘਰ ਵਿੱਚ ਬੰਧਕ ਬਣਾ ਕੇ ਲੁੱਟਣ ਦੇ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ, ਇੱਕ ਸਾਬਕਾ ਕਰਮਚਾਰੀ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਘਟਨਾ ਤੋਂ 72 ਘੰਟੇ ਬਾਅਦ ਮੁਲਜ਼ਮਾਂ ਨੂੰ ਫੜਨ ਵਿੱਚ ਕਾਮਯਾਬ ਰਹੀ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਪਿਸਤੌਲ, ਚਾਰ ਕਾਰਤੂਸ, ਜਾਅਲੀ ਨੰਬਰ ਪਲੇਟ, ਕਾਰ ਦੇ ਪਹੀਏ ਦੀਆਂ ਟੋਪੀਆਂ, ਅਪਰਾਧ ਸਮੇਂ ਪਹਿਨੇ ਗਏ ਦੋ ਜੋੜੇ ਜੁੱਤੇ ਅਤੇ ਇੱਕ ਹੁੰਡਈ ਐਕਸੈਂਟ ਕਾਰ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਜ਼ਿਸ਼ਕਰਤਾ ਸਾਬਕਾ ਕਰਮਚਾਰੀ ਅਸ਼ੋਕ ਕੁਮਾਰ ਯਾਦਵ, ਕਮਲ ਰਾਜ, ਰਾਕੀ ਅਤੇ ਸ਼ਿਵਮ ਵਜੋਂ ਹੋਈ ਹੈ। ਉੱਤਰ ਪੱਛਮੀ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲੀਸ ਸਿਕੰਦਰ ਸਿੰਘ ਨੇ ਦੱਸਿਆ ਕਿ 27 ਜੁਲਾਈ ਦੀ ਸਵੇਰ ਨੂੰ ਤਿੰਨ ਮਸ਼ਕੂਕ ਮੁਖਰਜੀ ਨਗਰ ਇਲਾਕੇ ਵਿੱਚ ਰਹਿਣ ਵਾਲੇ ਕਾਰੋਬਾਰੀ ਜਤਿੰਦਰ ਸਿੰਘ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਬੰਦੂਕ ਨਾਲ ਡਰਾ ਕੇ ਲੁੱਟ ਕੀਤੀ। ਜਤਿੰਦਰ ਸਿੰਘ ਦਾ ਚਾਂਦਨੀ ਚੌਕ ਵਿੱਚ ਕਾਰੋਬਾਰ ਹੈ। ਸ਼ਿਕਾਇਤਕਰਤਾ ਮੁਤਾਬਕ ਮਸ਼ਕੂਕ ਉਸ ਦੇ ਘਰੋਂ ਲੱਖਾਂ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਲੈ ਕੇ ਫਰਾਰ ਗਏ। ਪੁਲੀਸ ਨੇ ਮੁਖਰਜੀ ਨਗਰ ਥਾਣਾ ਇੰਚਾਰਜ ਰਾਜੀਵ ਸ਼ਾਹ ਦੀ ਅਗਵਾਈ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਸੀਸੀਟੀਵੀ ਕੈਮਰਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਸ਼ਕੂਕ ਇੱਕ ਐਕਸੈਂਟ ਕਾਰ ਵਿੱਚ ਲੁੱਟ ਕਰਨ ਆਏ ਸਨ ਅਤੇ ਘਰ ਤੋਂ ਕੁਝ ਦੂਰੀ ’ਤੇ ਕਾਰ ਖੜ੍ਹੀ ਕੀਤੀ ਸੀ। ਜਾਂਚ ਤੋਂ ਪਤਾ ਲੱਗਾ ਕਿ ਕਾਰ ਵਿੱਚ ਵਰਨਾ ਕਾਰ ਦੀ ਨੰਬਰ ਪਲੇਟ ਸੀ।