ਲੜੀਵਾਰਾਂ ’ਚ ਅਦਾਕਾਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗਣ ਵਾਲੇ ਗ੍ਰਿਫ਼ਤਾਰ
ਦਿੱਲੀ ਪੁਲੀਸ ਨੇ ਟੀਵੀ ਸੀਰੀਅਲ ਦੇ ਨਿਰਮਾਤਾ ਤੇ ਨਿਰਦੇਸ਼ਕ ਬਣ ਕੇ ਅਦਾਕਾਰੀ ਦੀ ਚਾਹਣਾ ਰੱਖਣ ਵਾਲੇ ਲੋਕਾਂ ਨੂੰ ਠੱਗਣ ਦੇ ਦੋਸ਼ ਹੇਠ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਸੀਪੀ ਅਮਿਤ ਗੋਇਲ ਨੇ ਦੱਸਿਆ ਕਿ ਲਖਨਊ ਨਿਵਾਸੀ ਤਰੁਣ ਸ਼ੇਖਰ ਸ਼ਰਮਾ (32) ਅਤੇ ਦਿਲੀ ਦੀ ਰਹਿਣ ਵਾਲੀ ਆਸ਼ਾ ਸਿੰਘ ਉਰਫ ਭਾਵਨਾ (29) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ 20 ਦੇ ਕਰੀਬ ਸ਼ਿਕਾਇਤਾਂ ਆਈਆਂ ਹਨ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਲੋਕਾਂ ਨੂੰ ਮਸ਼ਹੂਰ ਲੜੀਵਾਰਾਂ ’ਚ ਅਤੇ ਓਟੀਟੀ ਲੜੀਵਾਰਾਂ ’ਚ ਭੂਮਿਕਾ ਦਿਵਾਉਣ ਦਾ ਝਾਂਸਾ ਦਿੰਦੇ ਸਨ। ਤਾਜ਼ਾ ਮਾਮਲੇ ’ਚ ਉਨ੍ਹਾਂ ਇਕ ਵਿਅਕਤੀ ਨਾਲ 24 ਲੱਖ ਰੁਪਏ ਦੀ ਠੱਗੀ ਕੀਤੀ ਸੀ। ਡੀਸੀਪੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਮੁਲਜ਼ਮਾਂ ਨਾਲ ਸੋਸ਼ਲ ਮੀਡੀਆ ਪੇਜ਼ ਰਾਹੀਂ ਸੰਪਰਕ ਬਣਾਇਆ ਸੀ, ਜਿਥੇ ਕਲਾਕਾਰਾਂ ਦੀ ਲੋੜ ਬਾਰੇ ਇਸ਼ਤਿਹਾਰ ਦਿੱਤਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ 24 ਲੱਖ ਰੁਪਏ ਲੈ ਕੇ ਉਸ ਨੂੰ ਬਲਾਕ ਕਰ ਦਿੱਤਾ। ਜਾਂਚ ਦੌਰਾਨ ਮੁਲਜ਼ਮਾਂ ਦੇ ਬੰਗਲੂਰੂ ’ਚ ਹੋਣ ਦਾ ਪਤਾ ਲਗਦਿਆਂ ਹੀ ਉਨ੍ਹਾਂ ਨੂੰ ਇਕ ਕਿਰਾਏ ਦੇ ਅਪਾਰਟਮੈਂਟ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਹ ਪੁਲੀਸ ਦੇ ਡਰੋਂ ਸ਼ਹਿਰ-ਸ਼ਹਿਰ ਟਿਕਾਣੇ ਬਦਲਦੇ ਸਨ ਤੇ ਲਗਜ਼ਰੀ ਹੋਟਲਾਂ ’ਚ ਠਹਿਰਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ 15 ਬੈਂਕ ਖਾਤੇ ਖੁਲ੍ਹਵਾਏ ਹੋਏ ਹਨ ਤੇ ਵੱਖ-ਵੱਖ ਰਾਜਾਂ ’ਚੋਂ ਖਰੀਦੇ ਸਿਮ ਕਾਰਡ ਵਰਤਦੇ ਸਨ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਲਗਜ਼ਰੀ ਹੋਟਲਾਂ ’ਚ ਸ਼ਾਹੀ ਠਾਠ ਨਾਲ ਰਹਿੰਦੇ ਸਨ। ਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਜੰਮੂ-ਕਸ਼ਮੀਰ ਨਾਲ ਸਬੰਧਤ ਇਕ ਮਾਮਲੇ ’ਚ ਵੀ ਲੋੜੀਂਦੇ ਸਨ।