DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ਦੇ 110 ਸਕੂਲਾਂ ’ਚ ਬੰਬ ਦੀ ਅਫ਼ਵਾਹ ਕਾਰਨ ਹਫੜਾ-ਦਫੜੀ ਮਚੀ

ਬੰਬ ਨਕਾਰਾ ਕਰਨ ਵਾਲੇ ਦਸਤੇ ਤੇ ਹੋਰ ਟੀਮਾਂ ਨੂੰ ਕੋਈ ਸ਼ੱਕੀ ਚੀਜ਼ ਨਾ ਮਿਲੀ
  • fb
  • twitter
  • whatsapp
  • whatsapp
Advertisement

* ਇਹਤਿਆਤ ਵਜੋਂ ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਹੋਰ ਥਾਵਾਂ ਦੀ ਸੁਰੱਖਿਆ ਵਧਾਈ

ਮਨਧੀਰ ਸਿੰਘ ਦਿਓਲ

Advertisement

ਨਵੀਂ ਦਿੱਲੀ, 1 ਮਈ

ਦਿੱਲੀ-ਐੱਨਸੀਆਰ ਦੇ 110 ਤੋਂ ਵੱਧ ਸਕੂਲਾਂ ਵਿਚ ਅੱਜ ਸਵੇਰੇ ਈ-ਮੇਲ ਰਾਹੀਂ ਮਿਲੀ ਬੰਬ ਦੀ ਧਮਕੀ ਨਾਲ ਹਫੜਾ ਦਫ਼ੜੀ ਮੱਚ ਗਈ। ਇਹਤਿਆਤ ਵਜੋਂ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ। ਹਫੜਾ-ਦਫੜੀ ਕਰਕੇ ਵੱਡੀ ਗਿਣਤੀ ਵਿਚ ਮਾਪੇ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਦੇ ਬਾਹਰ ਪਹੁੰਚ ਗਏ। ਉਂਜ ਪੜਤਾਲ ਦੌਰਾਨ ਇਨ੍ਹਾਂ ਸਕੂਲਾਂ ਵਿਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਦਿੱਲੀ ਪੁਲੀਸ ਨੇ ਸਕੂਲਾਂ ਨੂੰ ਮਿਲੀਆਂ ਇਨ੍ਹਾਂ ਧਮਕੀਆਂ ਮਗਰੋਂ ਮੈਟਰੋ ਅਤੇ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਬਾਜ਼ਾਰਾਂ ਸਮੇਤ ਨਾਜ਼ੁਕ ਥਾਵਾਂ ’ਤੇ ਨਫ਼ਰੀ ਵਧਾ ਦਿੱਤੀ ਹੈ।

ਬੰਬ ਦੀ ਧਮਕੀ ਦੀ ਸੂਚਨਾ ਮਿਲਣ ’ਤੇ ਦਿੱਲੀ ਪੁਲੀਸ, ਬੰਬ ਨਕਾਰਾ ਦਸਤੇ ਅਤੇ ਫਾਇਰ ਬ੍ਰਿਗੇਡ ਨੇ ਸਕੂਲਾਂ ’ਚ ਪਹੁੰਚ ਕੇ ਹਰ ਪਾਸੇ ਤਲਾਸ਼ੀ ਲਈ। ਕਈ ਘੰਟਿਆਂ ਦੀ ਭਾਲ ਤੋਂ ਬਾਅਦ ਵੀ ਪੁਲੀਸ ਨੂੰ ਹੁਣ ਤੱਕ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਮਦਰ ਮੈਰੀ ਦੇ ਸਕੂਲ ਪਹੁੰਚੇ ਡੀਸੀਪੀ ਅਪੂਰਵਾ ਗੁਪਤਾ ਨੇ ਕਿਹਾ ਕਿ ਈ-ਮੇਲ ਦੀ ਸਮੱਗਰੀ ਅਤੇ ਮਕਸਦ ਇੱਕੋ ਹੀ ਹੈ। ਪੂਰਬੀ ਦਿੱਲੀ ਦੇ ਕਰੀਬ 10 ਸਕੂਲਾਂ ਨੂੰ ਈ-ਮੇਲ ਮਿਲੀ ਹੈ, ਜਿਸ ਤੋਂ ਬਾਅਦ ਸਾਰੇ ਸਕੂਲ ਬੰਦ ਕਰ ਦਿੱਤੇ ਗਏ। ਸੂਤਰਾਂ ਅਨੁਸਾਰ ਦੱਖਣੀ ਜ਼ਿਲ੍ਹੇ ਵਿੱਚ 15 ਤੋਂ ਵੱਧ ਸਕੂਲਾਂ ਵਿੱਚ ਈ-ਮੇਲ ਪ੍ਰਾਪਤ ਹੋਈ। ਪੂਰਬੀ ਦਿੱਲੀ ਵਿੱਚ 24, ਸ਼ਾਹਦਰਾ ਵਿੱਚ ਅੱਠ, ਦੱਖਣੀ ਪੱਛਮੀ ਦਿੱਲੀ ਵਿੱਚ ਅੱਠ, ਦਵਾਰਕਾ ਵਿੱਚ 7-8, ਉੱਤਰੀ ਵਿੱਚ ਦੋ ਅਤੇ ਉੱਤਰ-ਪੂਰਬੀ ਦਿੱਲੀ ਵਿੱਚ ਇੱਕ ਸਕੂਲ ਨੂੰ ਈ-ਮੇਲ ਪ੍ਰਾਪਤ ਹੋਈ।

ਦਿੱਲੀ ਦੇ ਇਕ ਸਕੂਲ ਦੇ ਬਾਹਰ ਚੌਕਸੀ ਰਖਦੇ ਹੋਏ ਪੁਲੀਸ ਕਰਮੀ। -ਫੋਟੋ: ਮੁਕੇਸ਼ ਅਗਰਵਾਲ

ਪੁਲੀਸ ਸੂਤਰਾਂ ਅਨੁਸਾਰ ਧਮਕੀ ਭਰੀਆਂ ਈ-ਮੇਲਾਂ ਇੱਕ ਰੂਸੀ ਡੋਮੇਨ ਤੋਂ ਆਈਆਂ ਹਨ ਜੋ ਸੰਭਾਵੀ ਤੌਰ ’ਤੇ ਵਰਚੁਅਲ ਪ੍ਰਾਈਵੇਟ ਨੈੱਟਵਰਕ (ਵੀਪੀਐਨ) ਦੁਆਰਾ ਰੂਟ ਕੀਤੀਆਂ ਗਈਆਂ ਹਨ। ਇਨ੍ਹਾਂ ਧਮਕੀਆਂ ਪਿੱਛੇ ਦਿੱਲੀ ਅੰਦਰ ਦਹਿਸ਼ਤ ਪੈਦਾ ਕਰਨ ਦਾ ਇਰਾਦਾ ਜਾਪਦਾ ਹੈ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ ਕਿ ਸਕੂਲਾਂ ਵਿੱਚ ਬੰਬ ਹੋਣ ਬਾਰੇ ਫਾਇਰ ਵਿਭਾਗ ਨੂੰ ਸ਼ਹਿਰ ਭਰ ਤੋਂ 80 ਤੋਂ ਵੱਧ ਕਾਲਾਂ ਆਈਆਂ ਸਨ।

ਗ੍ਰਹਿ ਮੰਤਰਾਲੇ ਨੇ ਦਿੱਲੀ-ਐੱਨਸੀਆਰ ਦੇ ਸਕੂਲਾਂ ਵਿੱਚ ਬੰਬ ਦੀ ਧਮਕੀ ਦਾ ਨੋਟਿਸ ਲਿਆ ਹੈ। ਗ੍ਰਹਿ ਮੰਤਰਾਲੇ ਨੇ ਮਾਪਿਆਂ ਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਇਹ ਫਰਜ਼ੀ ਕਾਲ ਹੈ। ਪੁਲੀਸ, ਸੁਰੱਖਿਆ ਏਜੰਸੀਆਂ ਲੋੜੀਂਦੇ ਕਦਮ ਚੁੱਕ ਰਹੀਆਂ ਹਨ। ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਮਾਪਿਆਂ ਨੂੰ ਚਿੰਤਾ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਸਕੂਲਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦਿਓ। ਸ਼ਰਾਰਤੀ ਅਨਸਰਾਂ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਸਬੰਧ ਵਿੱਚ ਮੈਂ ਪੁਲੀਸ ਕਮਿਸ਼ਨਰ ਨਾਲ ਗੱਲ ਕੀਤੀ ਅਤੇ ਦਿੱਲੀ-ਐੱਨਸੀਆਰ ਦੇ ਸਕੂਲਾਂ ਵਿੱਚ ਬੰਬ ਦੀ ਧਮਕੀ ਬਾਰੇ ਵਿਸਥਾਰਤ ਰਿਪੋਰਟ ਮੰਗ ਲਈ ਹੈ।’’

ਦਿੱਲੀ ਪੁਲੀਸ ਦੇ ਪੀਆਰਓ ਸੁਮਨ ਨਲਵਾ ਨੇ ਦੱਸਿਆ ਕਿ ਕਈ ਸਕੂਲਾਂ ਨੇ ਸਾਡੇ ਨਾਲ ਸੰਪਰਕ ਕੀਤਾ ਹੈ ਕਿ ਉਨ੍ਹਾਂ ਨੂੰ ਕੈਂਪਸ ਵਿਚ ਬੰਬਾਂ ਦੀ ਮੌਜੂਦਗੀ ਬਾਰੇ ਧਮਕੀ ਭਰੇ ਈ-ਮੇਲ ਮਿਲੇ ਹਨ। ਦਿੱਲੀ ਪੁਲੀਸ ਨੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਪੂਰੀ ਤਰ੍ਹਾਂ ਤਲਾਸ਼ੀ ਮੁਹਿੰਮ ਚਲਾਈ ਹੈ ਪਰ ਕੋਈ ਅਣਸੁਖਾਵੀਂ ਜਾਂ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਅਜਿਹਾ ਲਗਦਾ ਹੈ ਕਿ ਕਿਸੇ ਨੇ ਸਕੂਲਾਂ ਨੂੰ ਵਿਅਕਤੀਗਤ ਤੌਰ ’ਤੇ ਈ-ਮੇਲ ਭੇਜ ਕੇ ਦਹਿਸ਼ਤ ਪੈਦਾ ਕਰਨ ਲਈ ਅਜਿਹਾ ਕੀਤਾ ਹੈ।

ਦਿੱਲੀ ਸਰਕਾਰ ’ਚ ਮੰਤਰੀ ਆਤਿਸ਼ੀ ਨੇ ਕਿਹਾ, ‘‘ਅੱਜ ਸਵੇਰੇ ਕੁਝ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਵਿਦਿਆਰਥੀਆਂ ਨੂੰ ਘਰ ਭੇਜ ਕੇ ਸਕੂਲ ਦੇ ਅਹਾਤੇ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਦਿੱਲੀ ਪੁਲੀਸ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ। ਹੁਣ ਤੱਕ ਕਿਸੇ ਵੀ ਸਕੂਲ ਵਿੱਚੋਂ ਕੋਈ ਵੀ ਚੀਜ਼ ਨਹੀਂ ਮਿਲੀ ਹੈ। ਅਸੀਂ ਪੁਲੀਸ ਅਤੇ ਸਕੂਲਾਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਾਂ, ਜਿੱਥੇ ਵੀ ਲੋੜ ਪਵੇਗੀ, ਸਕੂਲ ਦੇ ਅਧਿਕਾਰੀ ਮਾਪਿਆਂ ਦੇ ਸੰਪਰਕ ਵਿੱਚ ਰਹਿਣਗੇ।’’

ਬਿਹਾਰ ਰਾਜ ਭਵਨ ਨੂੰ ਵੀ ਮਿਲੀ ਬੰਬ ਦੀ ਧਮਕੀ

ਪਟਨਾ: ਇਥੇ ਰਾਜ ਭਵਨ ਵਿਚ ਬੰਬ ਰੱਖੇ ਹੋਣ ਦੀ ਧਮਕੀ ਮਗਰੋਂ ਬਿਹਾਰ ਰਾਜ ਭਵਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲੀਸ ਮੁਤਾਬਕ ਇਹ ਧਮਕੀ ਈ-ਮੇਲ ਜ਼ਰੀਏ ਦਿੱਤੀ ਗਈ ਸੀ। ਉਂਜ ਪੜਤਾਲ ਦੌਰਾਨ ਇਹ ਧਮਕੀ ਝੂਠੀ ਨਿਕਲੀ। ਐੱਸਐੱਸਪੀ ਰਾਜੀਵ ਮਿਸ਼ਰਾ ਨੇ ਕਿਹਾ, ‘‘ਸਾਨੂੰ ਵਿਆਪਕ ਜਾਂਚ ਦੇ ਬਾਵਜੂਦ ਰਾਜ ਭਵਨ ’ਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਹ ਧਮਕੀ ਅਫ਼ਵਾਹ ਨਿਕਲੀ।’’ ਪੁਲੀਸ ਅਧਿਕਾਰੀ ਨੇ ਕਿਹਾ ਕਿ ਕੇਸ ਦਰਜ ਕਰ ਲਿਆ ਹੈ ਤੇ ਈ-ਮੇਲ ਦੇ ਸਰੋਤ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਦਿੱਲੀ ਮਗਰੋਂ ਲਖਨਊ ਦੇ ਵਰਿੰਦਾਵਨ ਇਲਾਕੇ ਵਿਚ ਪੈਂਦੇ ਐਮਿਟੀ ਸਕੂਲ ਨੂੰ ਵੀ ਕੈਂਪਸ ਵਿਚ ਬੰਬ ਰੱਖੇ ਹੋਣ ਦੀ ਧਮਕੀ ਮਿਲੀ, ਪਰ ਜਾਂਚ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ। -ਪੀਟੀਆਈ

Advertisement
×