ਕੁੱਤਿਆਂ ਨੂੰ ਖਾਣਾ ਖਵਾਉਣ ਨੂੰ ਲੈ ਕੇ ਦੇਰ ਰਾਤ ਤੱਕ ਹੋਇਆ ਹੰਗਾਮਾ
ਚਾਰਮਵੁੱਡ ਪਿੰਡ ਦੀ ਕੇਨਵੁੱਡ ਸੋਸਾਇਟੀ ਵਿੱਚ ਕੁੱਤਿਆਂ ਨੂੰ ਖਾਣਾ ਖਵਾਉਣ ਨੂੰ ਲੈ ਕੇ ਹੰਗਾਮਾ ਹੋ ਗਿਆ। ਸਥਿਤੀ ਇਸ ਹੱਦ ਤੱਕ ਵਿਗੜ ਗਈ ਕਿ ਛੇ ਪੁਲੀਸ ਪੀਸੀਆਰ ਪਹੁੰਚ ਗਈਆਂ। ਇਹ ਹੰਗਾਮਾ ਸਵੇਰੇ 4 ਵਜੇ ਤੱਕ ਜਾਰੀ ਰਿਹਾ। ਪੁਲੀਸ ਦਾ ਕਹਿਣਾ ਹੈ ਕਿ ਕੱਲ੍ਹ ਦੇਰ ਰਾਤ ਵਸਨੀਕਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਕੁੱਤੇ ਪ੍ਰੇਮੀ ਔਰਤਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ। ਖਾਣਾ ਦੇਣ ਆਈਆਂ ਔਰਤਾਂ ਨੇ ਐਤਵਾਰ ਸਵੇਰੇ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਸ਼ਨਿਚਰਵਾਰ ਰਾਤ ਲਗਭਗ 10 ਵਜੇ ਸੋਸਾਇਟੀ ਵਿੱਚ ਦੋ ਔਰਤਾਂ ਕੁੱਤਿਆਂ ਨੂੰ ਖਾਣਾ ਪਾ ਰਹੀਆਂ ਸਨ। ਦੋਸ਼ ਹੈ ਕਿ ਕੁੱਤੇ ਨੇ ਡਿਲੀਵਰੀ ਬੁਆਏ ’ਤੇ ਹਮਲਾ ਕਰ ਦਿੱਤਾ। ਇਸ ਨਾਲ ਔਰਤਾਂ ਅਤੇ ਸੋਸਾਇਟੀ ਦੇ ਇੱਕ ਨਿਵਾਸੀ ਵਿਚਕਾਰ ਬਹਿਸ ਹੋ ਗਈ। ਇਹ ਵੀ ਦੋਸ਼ ਹੈ ਕਿ ਇਨ੍ਹਾਂ ਔਰਤਾਂ ਨੇ ਇੱਕ ਔਰਤ ਅਤੇ ਇੱਕ 10 ਸਾਲ ਦੇ ਬੱਚੇ ’ਤੇ ਮਿਰਚਾਂ ਦਾ ਸਪਰੇਅ ਛਿੜਕਿਆ।
ਬਾਅਦ ਵਿੱਚ ਦੋਵਾਂ ਧਿਰਾਂ ਵਿਚਕਾਰ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਸੂਰਜਕੁੰਡ ਪੁਲੀਸ ਸਟੇਸ਼ਨ ਇੰਚਾਰਜ ਪ੍ਰਹਿਲਾਦ ਅਤੇ ਇੱਕ ਮਹਿਲਾ ਪੁਲੀਸ ਟੀਮ ਪਹੁੰਚ ਗਈ। ਸੋਸਾਇਟੀ ਦੇ ਮੈਂਬਰਾਂ ਨੂੰ ਸ਼ਾਂਤ ਕਰਨ ਤੋਂ ਬਾਅਦ ਪੁਲੀਸ ਨੇ ਕਿਸੇ ਤਰ੍ਹਾਂ ਔਰਤਾਂ ਨੂੰ ਬਾਹਰ ਕੱਢਿਆ। ਇਹ ਔਰਤਾਂ ਪੀਪਲ ਫਾਰ ਐਨੀਮਲਜ਼ ਸੰਗਠਨ ਨਾਲ ਜੁੜੀਆਂ ਹੋਈਆਂ ਹਨ।
ਸੰਗਠਨ ਨਾਲ ਸਬੰਧਤ ਹਰਸ਼ਿਤਾ ਭਸੀਨ ਦੇ ਅਨੁਸਾਰ ਨਿਗਮ ਵੱਲੋਂ ਫੀਡਿੰਗ ਪੁਆਇੰਟ ਸਥਾਪਤ ਕੀਤੇ ਗਏ ਹਨ। ਸਾਰੇ ਕੁੱਤਿਆਂ ਦੀ ਨਸਬੰਦੀ ਕੀਤੀ ਗਈ ਹੈ। ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖਵਾਇਆ ਜਾਂਦਾ ਹੈ। ਡਿਲੀਵਰੀ ਬੁਆਏ ਆਪਣੀ ਸਾਈਕਲ ਤੋਂ ਡਿੱਗ ਪਿਆ, ਜਿਸ ਕਾਰਨ ਉਸ ਨੂੰ ਝਰੀਟ ਆਈ। ਹਾਲਾਂਕਿ ਪੁਲੀਸ ਵੱਲੋਂ ਕਾਫ਼ੀ ਘੰਟਿਆਂ ਤੱਕ ਸਮਝਾਉਣ ਤੋਂ ਬਾਅਦ ਮਾਮਲਾ ਸ਼ਾਤ ਹੋ ਗਿਆ।