ਜਵਾਲਾਮੁਖੀ ਮਾਮਲੇ ’ਤੇ ਚਿੰਤਾ ਦੀ ਕੋਈ ਗੱਲ ਨਹੀਂ: ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਕਿਹਾ ਕਿ ਉਹ ਹਵਾਈ ਆਵਾਜਾਈ ਨਿਯੰਤਰਣ ਲਈ ਭਾਰਤ ਮੌਸਮ ਵਿਭਾਗ (ਆਈ.ਐਮ.ਡੀ.) ਨਾਲ ਸੁਆਹ ਦੇ ਬੱਦਲਾਂ ਨਾਲ ਪੈਦਾ ਹੋਈ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਜ਼ਿਕਰਯੋਗ ਹੈ ਕਿ ਇਥੋਪੀਆ ਵਿਚ ਜਵਾਲਾਮੁਖੀ ਫਟਣ ਮਗਰੋਂ ਸੁਆਹ ਦੇ...
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਕਿਹਾ ਕਿ ਉਹ ਹਵਾਈ ਆਵਾਜਾਈ ਨਿਯੰਤਰਣ ਲਈ ਭਾਰਤ ਮੌਸਮ ਵਿਭਾਗ (ਆਈ.ਐਮ.ਡੀ.) ਨਾਲ ਸੁਆਹ ਦੇ ਬੱਦਲਾਂ ਨਾਲ ਪੈਦਾ ਹੋਈ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਜ਼ਿਕਰਯੋਗ ਹੈ ਕਿ ਇਥੋਪੀਆ ਵਿਚ ਜਵਾਲਾਮੁਖੀ ਫਟਣ ਮਗਰੋਂ ਸੁਆਹ ਦੇ ਬੱਦਲ ਕਈ ਥਾਈਂ ਫੈਲ ਗਏ ਸਨ ਜਿਸ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। ਮੰਤਰਾਲੇ ਨੇ ਕਿਹਾ ਕਿ ਇਸ ਕਾਰਨ ਕੁਝ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਕਈ ਦੇਰੀ ਨਾਲ ਚਲ ਰਹੀਆਂ ਹਨ। ਮੰਤਰਾਲੇ ਨੇ ਕਿਹਾ ਕਿ ਇਸ ਸਮੇਂ ਚਿੰਤਾ ਦੀ ਕੋਈ ਗੱਲ ਨਹੀਂ ਹੈ ਅਤੇ ਉਨ੍ਹਾਂ ਵਲੋਂ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।
ਦੱਸਣਾ ਬਣਦਾ ਹੈ ਕਿ ਇਥੋਪੀਆ ਵਿੱਚ 23 ਨਵੰਬਰ ਨੂੰ ਜਵਾਲਾਮੁਖੀ ਫਟ ਗਿਆ ਸੀ ਅਤੇ ਸੁਆਹ ਦੇ ਬੱਦਲ ਪੂਰਬ ਵੱਲ ਜਾ ਰਹੇ ਹਨ। ਮੰਤਰਾਲੇ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ ਕਿ ਇਹਤਿਆਤ ਵਜੋਂ ਸਿਰਫ਼ ਕੁਝ ਉਡਾਣਾਂ ਦਾ ਹੀ ਰੂਟ ਬਦਲਿਆ ਗਿਆ।
ਇਸ ਤੋਂ ਪਹਿਲਾਂ ਦਿਨ ਵਿੱਚ ਏਅਰ ਇੰਡੀਆ ਨੇ ਜਵਾਲਾਮੁਖੀ ਦੀ ਸੁਆਹ ਕਾਰਨ ਸੋਮਵਾਰ ਤੋਂ 13 ਉਡਾਣਾਂ ਰੱਦ ਕਰ ਦਿੱਤੀਆਂ ਸਨ ਜਿਨ੍ਹਾਂ ਵਿਚੋਂ ਕੁਝ ਕੌਮਾਂਤਰੀ ਉਡਾਣਾਂ ਵੀ ਸਨ। ਭਾਰਤੀ ਮੌਸਮ ਵਿਭਾਗ ਨੇ ਅੱਜ ਸਵੇਰੇ ਕਿਹਾ ਸੀ ਕਿ ਇਹ ਸੁਆਹ ਦੇ ਬੱਦਲ ਚੀਨ ਵੱਲ ਵਧ ਰਹੇ ਹਨ ਤੇ ਭਾਰਤੀ ਆਸਮਾਨ ਸ਼ਾਮ ਸਾਢੇ ਸੱਤ ਵਜੇ ਸਾਫ ਹੋ ਜਾਵੇਗਾ। ਪੀਟੀਆਈ

