ਜੀਂਦ ਵਿੱਚ 8 ਥਾਈਂ ਚੋਰੀ
ਸ਼ਿਵਪੁਰੀ ’ਚੋਂ 26 ਤੋਲੇ ਸੋਨਾ ਤੇ ਅੱਧਾ ਕਿਲੋ ਚਾਂਦੀ ਗਾਇਬ; ਆੜ੍ਹਤੀ ’ਤੇ ਡੰਡਿਆਂ ਨਾਲ ਹਮਲਾ ਕੀਤਾ
ਜੀਂਦ ਇਲਾਕੇ ਵਿੱਚ ਚੋਰਾਂ ਨੇ ਵੱਖ-ਵੱਖ 8 ਥਾਵਾਂ ’ਤੇ ਲੱਖਾਂ ਰੁਪਏ ਦੀ ਚੋਰੀ ਕੀਤੀ। ਸਭ ਤੋਂ ਵੱਡੀ ਵਾਰਦਾਤ ਸ਼ਿਵਪੁਰੀ ਕਲੋਨੀ ਵਿੱਚ ਹੋਈ, ਜਿੱਥੇ ਇੰਦਰਜੀਤ ਦੇ ਘਰੋਂ ਚੋਰ 26 ਤੋਲੇ ਸੋਨਾ ਅਤੇ ਅੱਧਾ ਕਿਲੋ ਚਾਂਦੀ ਦੇ ਗਹਿਣੇ ਲੈ ਗਏ। ਇੰਦਰਜੀਤ ਅਨੁਸਾਰ ਉਹ 24 ਨਵੰਬਰ ਨੂੰ ਪਰਿਵਾਰ ਸਮੇਤ ਬਾਹਰ ਗਿਆ ਸੀ ਅਤੇ 25 ਨਵੰਬਰ ਨੂੰ ਉਸ ਦੇ ਲੜਕੇ ਖੁਸ਼ਪ੍ਰੀਤ ਨੇ ਵਾਪਸ ਆ ਕੇ ਦੇਖਿਆ ਕਿ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਮਾਨ ਖਿਲਰਿਆ ਪਿਆ ਸੀ।
ਦੂਜੀ ਵੱਡੀ ਘਟਨਾ ਅਨਾਜ ਮੰਡੀ ਵਿੱਚ ਵਾਪਰੀ, ਜਿੱਥੇ ਆੜ੍ਹਤੀ ਰਾਜਿੰਦਰ ਸਿੰਘ ’ਤੇ ਚੋਰਾਂ ਨੇ ਹਮਲਾ ਕਰ ਦਿੱਤਾ। ਰਾਜਿੰਦਰ ਨੇ ਦੱਸਿਆ ਕਿ ਉਸ ਦੀ ਦੁਕਾਨ ਤੋਂ ਪਹਿਲਾਂ ਵੀ ਝੋਨੇ ਦੀਆਂ ਬੋਰੀਆਂ ਚੋਰੀ ਹੋਈਆਂ ਸਨ। 25 ਨਵੰਬਰ ਨੂੰ ਜਦੋਂ ਉਹ ਨਿਗਰਾਨੀ ਕਰ ਰਿਹਾ ਸੀ ਤਾਂ ਗੱਡੀ ਵਿੱਚ ਆਏ ਚੋਰਾਂ ਨੇ ਦੁਕਾਨ ਤੋਂ 11 ਬੋਰੀਆਂ ਚੁੱਕ ਲਈਆਂ। ਪਿੱਛਾ ਕਰਨ ’ਤੇ ਚੋਰਾਂ ਨੇ ਉਸ ਦੇ ਸਿਰ ’ਤੇ ਡੰਡੇ ਮਾਰੇ ਅਤੇ ਫਰਾਰ ਹੋ ਗਏ।
ਤੀਜੀ ਘਟਨਾ ਪਿੰਡ ਲੋਨ ਦੀ ਹੈ, ਜਿੱਥੇ ਸਤੀਸ਼ ਕੁਮਾਰ ਦੇ ਘਰੋਂ ਸਿਲੰਡਰ ਅਤੇ ਹੋਰ ਸਮਾਨ ਚੋਰੀ ਹੋਇਆ। ਚੌਥੀ ਵਾਰਦਾਤ ਵਿੱਚ ਪਿੰਡ ਲਲਿਤਖੇੜਾ ’ਚ ਸੁਮਿਤ ਕੁਮਾਰ ਦੀ ਦੁਕਾਨ ਦੀ ਛੱਤ ਤੋਂ ਏ ਸੀ ਦੇ ਦੋ ਆਊਟਰ ਚੋਰੀ ਕਰ ਲਏ ਗਏ। ਇਸ ਤੋਂ ਇਲਾਵਾ ਦੇਵੀ ਲਾਲ ਚੌਂਕ ਸਥਿਤ ਫਾਈਨਾਂਸ ਕੰਪਨੀ ਦੇ ਦਫ਼ਤਰ ਸਮੇਤ 4 ਹੋਰ ਦੁਕਾਨਾਂ (ਟੇਲਰਿੰਗ ਅਤੇ ਮੈਡੀਕਲ ਸ਼ਾਪ) ਦੇ ਸ਼ਟਰ ਤੋੜ ਕੇ ਨਕਦੀ ਅਤੇ ਕਾਗਜ਼ਾਤ ਚੋਰੀ ਕੀਤੇ ਗਏ।
ਜੀਂਦ ਦੇ ਪੁਲੀਸ ਕਪਤਾਨ ਕੁਲਦੀਪ ਸਿੰਘ ਨੇ ਕਿਹਾ ਕਿ ਵਧ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਰਾਤ ਦੀ ਗਸ਼ਤ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਝੋਨੇ ਦਾ ਇੱਕ ਚੋਰੀ ਕੀਤਾ ਟਰੱਕ ਵੀ ਬਰਾਮਦ ਕੀਤਾ ਹੈ।

