DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਵਧਿਆ

ਯਮੁਨਾ ਬਾਜ਼ਾਰ, ਪ੍ਰਗਤੀ ਮੈਦਾਨ, ਬਰਦਪੁਰ ਖਾਦਰ ਤੇ ਓਖਲਾ ਦੇ ਕਈ ਇਲਾਕਿਆਂ ’ਚ ਪਾਣੀ ਭਰਿਆ
  • fb
  • twitter
  • whatsapp
  • whatsapp
featured-img featured-img
ਘਰਾਂ ’ਚ ਪਾਣੀ ਆੳੁਣ ਕਾਰਨ ਸਡ਼ਕ ਕਿਨਾਰੇ ਸਾਮਾਨ ਰੱਖ ਕੇ ਬੈਠੇ ਹੋਏ ਹਡ਼੍ਹ ਪ੍ਹਭਾਵਿਤ ਲੋਕ। -ਫੋਟੋ: ਪੀਟੀਆੲੀ
Advertisement

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 11 ਜੁਲਾਈ

Advertisement

ਹਰਿਆਣਾ ਦੇ ਹਥਨੀਕੁੰਡ ਤੋਂ 3 ਲੱਖ ਕਿਊਸਿਕ ਤੋਂ ਵੱਧ ਪਾਣੀ ਛੱਡੇ ਜਾਣ ਮਗਰੋਂ ਯਮੁਨਾ ਦਿੱਲੀ ਵਿੱਚ ਕੰਢੇ ਤੋੜਨ ਨੂੰ ਉਤਾਰੂ ਹੈ। ਅੱਜ ਯਮੁਨਾ ਬਾਜ਼ਾਰ ਤੇ ਪ੍ਰਗਤੀ ਮੈਦਾਨ ਸਮੇਤ ਬਰਦਪੁਰ ਖਾਦਰ ਤੇ ਓਖਲਾ ਦੇ ਇਲਾਕਿਆਂ ਦੀਆਂ ਨੀਵੀਆਂ ਥਾਵਾਂ ਨੂੰ ਆਪਣੇ ਕਲਾਵੇ ਵਿੱਚ ਲੈ ਚੁੱਕੀ ਹੈ। ਸਿੰਜਾਈ ਤੇ ਹੜ੍ਹ ਮਹਿਕਮੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਉਪਰ ਨਜ਼ਰ ਰੱਖੀ ਜਾ ਰਹੀ ਹੈ ਤੇ ਲੋਕਾਂ ਨੂੰ ਨਦੀ ਦੇ ਪਾਣੀ ਤੋਂ ਬਚਾਉਣ ਦੀਆਂ ਕੋਸ਼ਿਸ਼ ਜਾਰੀ ਸਨ।

ਦਿੱਲੀ ਦੇ ਸੀਲਮਪੁਰ, ਸੋਨੀਆ ਵਿਹਾਰ, ਉਸਮਾਨਪੁਰ, ਬਦਰਪੁਰ ਖਾਦਰ, ਕਾਲਿੰਦੀ ਕੁੰਜ, ਓਖਲਾ ਵਿੱਚ ਯਮੁਨਾ ਦਾ ਪਾਣੀ ਆਉਣ ਦਾ ਖ਼ਤਰਾ ਬਣ ਸਕਦਾ ਹੈ। ਦਿੱਲੀ ਦੀਆਂ ਸੜਕਾਂ ਵਿੱਚ ਟੋਏ ਪੈਣ ਦੀਆਂ ਖ਼ਬਰਾਂ ਜਾਰੀ ਹਨ। ਇੰਡੀਆ ਗੇਟ ਨੇੜੇ ਨੈਸ਼ਨਲ ਆਰਟ ਗੈਲਰੀ ਕੋਲ ਸੜਕ ਹੇਠਾਂ ਧੱਸ ਗਈ ਤੇ ਗਰੇਟਰ ਕੈਲਾਸ਼ ਇਲਾਕੇ ਵਿੱਚ ਵੀ ਇੱਕ ਸੜਕ ਵਿੱਚ ਟੋਆ ਪੈ ਗਿਆ। ਯਮੁਨਾ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਤੇ 4 ਘੰਟਿਆਂ ਵਿੱਚ ਹੀ 17 ਸੈਂਟੀਮੀਟਰ ਪਾਣੀ ਦਾ ਪੱਧਰ ਹੋ ਗਿਆ। ਬੁਰਾੜੀ ਤੇ ਅਲੀਪੁਰ ਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਤੇ ਕਿਸਾਨਾਂ ਨੂੰ ਖੇਤਾਂ ਤੋਂ ਬਾਹਰ ਆ ਕੇ ਉੱਚੀਆਂ ਥਾਵਾਂ ਉਪਰ ਸ਼ਰਨ ਲੈਣੀ ਪਈ। ਹਜ਼ਾਰਾਂ ਏਕੜ ਫਸਲਾਂ ਵਿੱਚ ਗੋਡੇ-ਗੋਡੇ ਪਾਣੀ ਭਰ ਗਿਆ। ਪੁਸ਼ਤਾ ਮਾਰਗ ਦੇ ਕਨਿਾਰੇ ਬਣੀਆਂ ਬੁਰਜੀਆਂ ਮੀਂਹ ਦੇ ਪਾਣੀ ਨਾਲ ਕਮਜ਼ੋਰ ਹੋ ਕੇ ਡਿੱਗਣ ਲੱਗੀਆਂ ਹਨ। ੲਿਸੇ ਦੌਰਾਨ ਕੀਰਤੀ ਨਗਰ ਫਰਨੀਚਰ ਮਾਰਕੀਟ, ਮਯੂਰ ਵਿਹਾਰ ਫੇਜ਼ 1, ਬੁੱਧ ਨਗਰ, ਪ੍ਰੇਮ ਨਗਰ ਅਤੇ ਬੰਦਾ ਬਹਾਦਰ ਮਾਰਗ, ਆਨੰਦ ਵਿਹਾਰ ਡੀ ਬਲਾਕ, ਕੈਲਾਸ਼ ਦੇ ਪੂਰਬ, ਦਿੱਲੀ ਯੂਨੀਵਰਸਿਟੀ (ਡੀਯੂ) ਉੱਤਰੀ ਕੈਂਪਸ ਵਿੱਚ ਮਿਰਾਂਡਾ ਹਾਊਸ, ਅਸ਼ੋਕ ਨਿਕੇਤਨ ਅਤੇ ਨਰੈਣਾ ਵਰਗੇ ਖੇਤਰਾਂ ਵਿੱਚ ਪਾਣੀ ਉੱਤਰਨ ਲੱਗਾ ਹੈ ਜਿਸ ਤੋਂ ਲੋਕਾਂ ਨੂੰ ਮਾਮੂਲੀ ਰਾਹਤ ਮਿਲੀ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਨਿਾਂ ’ਚ ਮੀਂਹ ਘਟਣ ਦੀ ਉਮੀਦ ਹੈ ਜਿਸ ਨਾਲ ਹੜ੍ਹ ਵਰਗੀ ਸਥਿਤੀ ਰਾਹਤ ਮਿਲ ਸਕਦੀ ਹੈ। ਇਸ ਦੌਰਾਨ ਅੱਜ ਤਾਪਮਾਨ 25 ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਹੋਇਆ। ਆਈਐੱਮਡੀ ਦੇ ਖੇਤਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਅਨੁਸਾਰ ਅਗਲੇ ਕੁਝ ਦਨਿਾਂ ਵਿੱਚ ਤੇਜ਼ ਮੀਂਹ ਦੇ ਖਤਮ ਹੋਣ ਦੀ ਉਮੀਦ ਹੈ। ਅਗਲੇ ਹਫ਼ਤੇ ਰਾਸ਼ਟਰੀ ਰਾਜਧਾਨੀ ਵਿੱਚ ਬਹੁਤ ਹਲਕੀ ਤੋਂ ਹਲਕੀ ਬਾਰਿਸ਼ ਹੋ ਸਕਦੀ ਹੈ ਜਦਕਿ ਦਿੱਲੀ ਵਿੱਚ ਹਫ਼ਤੇ ਦੇ ਬਾਕੀ ਦਨਿਾਂ ਵਿੱਚ ਆਮ ਬਾਰਿਸ਼ ਹੋਣ ਦੀ ਉਮੀਦ ਹੈ।

ਦਿੱਲੀ ਦੇ ਇੱਕ ਇਲਾਕੇ ’ਚ ਯਮੁਨਾ ਦਾ ਪਾਣੀ ਆਉਣ ਕਾਰਨ ਆਪਣਾ ਸਾਮਾਨ ਕੱਢ ਕੇ ਲਿਜਾਂਦੇ ਹੋਏ ਲੋਕ। -ਫੋਟੋ: ਰਾਇਟਰਜ਼
ਦਿੱਲੀ ਦੇ ਇੱਕ ਇਲਾਕੇ ’ਚ ਯਮੁਨਾ ਦਾ ਪਾਣੀ ਆਉਣ ਕਾਰਨ ਆਪਣਾ ਸਾਮਾਨ ਕੱਢ ਕੇ ਲਿਜਾਂਦੇ ਹੋਏ ਲੋਕ। -ਫੋਟੋ: ਰਾਇਟਰਜ਼

ਇਸੇ ਦੌਰਾਨ‘ ਆਪ’ ਨੇ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਕੰਮਾਂ ਵਿੱਚ ਸਿਆਸੀ ਸ਼ਹਿ ਨਾਲ ਅੜਿੱਕੇ ਡਾਹੁਣ ਅਤੇ ਕੰਮਾਂ ਦਾ ਸਿਹਰਾ ਲੈਣ ਲਈ ਦਿੱਲੀ ਦੇ ਐੱਲ.ਜੀ. ਵਨਿੈ ਸਕਸੈਨਾ ’ਤੇ ਤਿੱਖਾ ਹਮਲਾ ਕੀਤਾ ਹੈ। ‘ਆਪ’ ਦੇ ਸੀਨੀਅਰ ਨੇਤਾ ਤੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਮੰਗਲਵਾਰ ਨੂੰ ਦਿੱਲੀ ਸਕੱਤਰੇਤ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਿਛਲੇ 6 ਮਹੀਨਿਆਂ ਵਿੱਚ ਐੱਲਜੀ ਦਿੱਲੀ ਦੇ ਨਾਲਿਆਂ ਵਿੱਚ ਘੁੰਮਦੇ (ਜਾਇਜ਼ਾ ਲੈਂਦੇ) ਰਹੇ ਪਰ ਨਜ਼ਫਗੜ੍ਹ ਡਰੇਨ, ਸ਼ਾਹਦਰਾ ਡਰੇਨ ਅਤੇ ਯਮੁਨਾ ਦੀ ਸਫ਼ਾਈ ਦਾ ਸਿਹਰਾ ਆਪਣੇ ਸਿਰ ਬੰਨ੍ਹ ਲਿਆ। ਉਨ੍ਹਾਂ ਕਿਹਾ ਕਿ ਐੱਲ.ਜੀ. ਇਨ੍ਹਾਂ ਡਰੇਨਾਂ ਦੇ ਨਿਕਾਸ ਨਾ ਹੋਣ ਦਾ ਹਵਾਲਾ ਦੇ ਕੇ ਦਿੱਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਹੁਣ ਜਿੱਥੇ ਉੱਤਰਾਖੰਡ, ਹਿਮਾਚਲ, ਜੰਮੂ-ਕਸ਼ਮੀਰ, ਲੱਦਾਖ ਦੇ ਲੋਕ ਮੀਂਹ ਕਾਰਨ ਦੁਖੀ ਹਨ, ਅਜਿਹੇ ਸਮੇਂ ਵਿੱਚ ਉਪ ਰਾਜਪਾਲ ਸਸਤੀ ਰਾਜਨੀਤੀ ਕਰਨ ਲਈ ਦਿੱਲੀ ਦੀਆਂ ਸੜਕਾਂ ‘ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਐੱਲ.ਜੀ. ਦੇ ਚਹੇਤੇ ਅਫਸਰਾਂ ਨੇ ਦਿੱਲੀ ਸਰਕਾਰ ਦੇ ਕੰਮ ਨੂੰ ਰੋਕਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਪਿਛਲੇ ਸਾਲ ਹੀ ਦਿੱਲੀ ਜਲ ਬੋਰਡ (ਡੀਜੇਬੀ) ਦੀ ਕਰੀਬ 850 ਕਰੋੜ ਦੀ ਦੇਣਦਾਰੀ ਹੈ। ਬੋਰਡ ਨੇ ਆਪਣੇ ਵਿਕਰੇਤਾਵਾਂ ਅਤੇ ਠੇਕੇਦਾਰਾਂ ਨੂੰ 850 ਕਰੋੜ ਰੁਪਏ ਅਦਾ ਕਰਨੇ ਹਨ। ਇਸ ਸਾਲ ਦਾ ਫੰਡ ਦੇਰੀ ਨਾਲ ਦਿੱਤਾ ਗਿਆ ਜੋ ਪਿਛਲੇ ਸਾਲ ਦੀ ਦੇਣਦਾਰੀ ਵਿੱਚ ਖਰਚ ਹੋ ਗਿਆ। ਭਾਰਦਵਾਜ ਮੁਤਾਬਕ ਐੱਲਜੀ ਦੇ ਚਹੇਤੇ ਅਫਸਰਾਂ ਦੀ ਕਥਿਤ ਸ਼ਹਿ ‘ਤੇ ਸਿਹਤ ਵਿਭਾਗ ਦੇ ਸਰਕਾਰੀ ਹਸਪਤਾਲਾਂ ’ਚ ਓਪੀਡੀ ਕਾਰਡ ਬਣਾਉਣ ਵਾਲੇ ਡਾਟਾ ਐਂਟਰੀ ਅਪਰੇਟਰਾਂ ਨੂੰ ਅਚਾਨਕ ਨੌਕਰੀ ਤੋਂ ਕੱਢ ਦਿੱਤਾ ਗਿਆ, ਇੱਥੋਂ ਤੱਕ ਕਿ ਡਾਕਟਰਾਂ ਦੀ ਤਨਖਾਹ ਤੇ ਬਜ਼ੁਰਗਾਂ ਦੀ ਪੈਨਸ਼ਨ ਵੀ ਰੋਕ ਦਿੱਤੀ ਗਈ।

ਵਿਕਾਸ ਮੰਤਰੀ ਗੋਪਾਲ ਰਾਏ ਵੱਲੋਂ ਰਾਹਤ ਕੈਂਪ ਦਾ ਦੌਰਾ

ਰਾਹਤ ਕੈਂਪ ’ਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਗੋਪਾਲ ਰਾਏ। -ਫੋਟੋ: ਪੀਟੀਆਈ
ਰਾਹਤ ਕੈਂਪ ’ਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਗੋਪਾਲ ਰਾਏ। -ਫੋਟੋ: ਪੀਟੀਆਈ

ਯਮੁਨਾ ਦੇ ਪਾਣੀ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਸ਼ੁਰੂ ਕਰ ਦਿੱਤੇ ਹਨ। ਇਸ ਦਿਸ਼ਾ ਵਿੱਚ ਅੱਜ ਵਿਕਾਸ ਮੰਤਰੀ ਗੋਪਾਲ ਰਾਏ ਨੇ ਰਾਜਘਾਟ ਡੀਟੀਸੀ ਡਿਪੂ ਨੇੜੇ ਬਣੇ ਰਾਹਤ ਕੈਂਪ ਦਾ ਨਿਰੀਖਣ ਕੀਤਾ। ਸਰਕਾਰ ਵੱਲੋਂ 2700 ਦੇ ਕਰੀਬ ਕੇਂਦਰਾਂ/ਟੈਂਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਸਮੇਂ ਇਨ੍ਹਾਂ ਟੈਂਟਾਂ ਵਿੱਚ ਰਹਿਣ ਲਈ 27000 ਦੇ ਕਰੀਬ ਲੋਕ ਰਜਿਸਟਰਡ ਹੋ ਚੁੱਕੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਕੈਂਪ ਵਿੱਚ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਭਾਵਿਤ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਦਿੱਲੀ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਪਤ ਕੈਂਪਾਂ ਵਿੱਚ ਭੇਜਿਆ ਜਾ ਰਿਹਾ ਹੈ।

ਯਮੁਨਾ ਦਾ ਪਾਣੀ ਵਧਣ ਕਾਰਨ ਕਿਸਾਨਾਂ ਦੇ ਸਾਹ ਸੂਤੇ

ਫਰੀਦਾਬਾਦ (ਪੱਤਰ ਪ੍ਰੇਰਕ): ਹਥਨੀਕੁੰਡ ਤੋਂ ਯਮੁਨਾ ਵਿੱਚ ਛੱਡੇ ਗਏ ਪਾਣੀ ਨਾਲ ਓਖਲਾ ਬੈਰਾਜ (ਦਿੱਲੀ) ਤੋਂ ਅੱਗੇ ਫਰੀਦਾਬਾਦ ਦੀ ਹੱਦ ਵਿੱਚ ਦਾਖ਼ਲ ਹੋਣ ਮਗਰੋਂ ਇਸ ਇਲਾਕੇ ਵਿੱਚ ਨਦੀ ਦਾ ਪਾਣੀ ਵੱਧਣ ਲੱਗਾ ਹੈ। ਪੱਧਰ ਦੇ ਵਾਧੇ ਨੂੰ ਦੇਖਦੇ ਹੋਏ ਫਰੀਦਾਬਾਦ ਦੇ ਖਾਦਰ (ਕੰਡੀ ਦਾ ਇਲਾਕਾ) ਦੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਯਮੁਨਾ ਦਾ ਪਾਣੀ ਪਲਵਲ ਤੱਕ ਮਾਰ ਕਰਦਾ ਹੈ ਤੇ ਇਸ ਇਲਾਕੇ ਵਿੱਚ ਕਿਸਾਨ ਯਮੁਨਾ ਕਨਿਾਰੇ ਸਬਜ਼ੀਆਂ ਤੇ ਹੋਰ ਫਸਲਾਂ ਬੀਜਦੇ ਹਨ। ਲਗਾਤਾਰ ਭਰਵਾਂ ਮੀਂਹ ਪੈਣ ਨਾਲ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਜਿਸ ਕਰਕੇ ਤਰਬੂਜ਼, ਖਰਬੂਜੇ, ਮਿਰਚਾਂ, ਕੱਦੂ, ਤੋਰੀ, ਭਿੰਡੀ ਆਦਿ ਦੀਆਂ ਫਸਲਾਂ ਨੂੰ ਨੁਸਕਾਨ ਪਹੁੰਚਿਆ ਹੈ। ਯਮੁਨਾ ਦੇ ਕਨਿਾਰੇ ਵਾਲੇ ਖੇਤਾਂ ਵਿੱਚ ਮੋਹਨਾ, ਤਿਗਾਓਂ ਤੇ ਹੋਰ ਪਿੰਡਾਂ ਦੇ ਕਿਸਾਨਾਂ ਨੇ ਝੋਨਾ ਬੀਜਿਆ ਹੋਇਆ ਹੈ ਜਿਸ ਨੇ ਜੜ੍ਹਾਂ ਫੜ ਲਈਆਂ ਹਨ। ਹੁਣ ਯਮੁਨਾ ਵਿੱਚ ਹੜ੍ਹ ਆਉਣ ਕਰਕੇ ਪਾਣੀ ਦਰਿਆ ਦੇ ਕੈਚਮੈਂਟ ਖੇਤਰਾਂ ਨੂੰ ਮਾਰ ਕਰਨ ਲੱਗਾ ਹੈ। ਫਰੀਦਾਬਾਦ ਇਲਾਕੇ ਵਿੱਚ ਫਿਲਹਾਲ 97,000 ਕਿਊਸਿਕ ਪਾਣੀ ਹੈ ਜਿਸ ਤੋਂ ਜ਼ਿਆਦਾ ਖ਼ਤਰਾ ਨਹੀਂ ਹੈ। ਕਿਸਾਨਾਂ ਦੀ ਨਜ਼ਰ ਉੱਤਰਾਖੰਡ ਤੇ ਹਿਮਾਚਲ ਵਿੱਚ ਪੈ ਰਹੇ ਮੀਂਹ ਉਪਰ ਟਿੱਕੀ ਹੋਈ ਹੈ। ਫਰੀਦਾਬਾਦ ਵਿੱਚ ਯਮੁਨਾ ਕਨਿਾਰੇ ਵਸੇ ਪਿੰਡਾਂ ਬਸੰਤਪੁਰ, ਮਹਾਵਤਪੁਰ, ਕਿੜਾਵਲੀ, ਪੱਲਾ, ਭੁਪਾਨੀ ਤੇ ਮਹਾਵਤਪੁਰ ਅਤੇ ਮੰਝਾਵੜੀ ਦੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ।

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਲੰਗਰ ਤੇ ਹੋਰ ਸੇਵਾਵਾਂ ਸ਼ੁਰੂ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ, ‘‘ਦਿੱਲੀ ਵਿਚ ਯਮੁਨਾ ਨਦੀ ਦੇ ਨੇੜਲੇ ਇਲਾਕੇ ਅਤੇ ਹੋਰ ਇਲਾਕਿਆਂ ਵਿਚ ਜਿੱਥੇ ਕਿਤੇ ਹੜ੍ਹ ਦੇ ਹਾਲਾਤ ਬਣੇ ਹਨ, ਜ਼ਿਲ੍ਹਾ ਮੈਜਿਸਟਰੇਟ ਤੇ ਐਸਡੀਐੱਮਜ਼ ਨੇ ਸਾਡੇ ਨਾਲ ਸੰਪਰਕ ਕੀਤਾ ਹੈ ਤੇ ਸਾਡੀਆਂ ਟੀਮਾਂ ਨੇ ਲੰਗਰ ਸੇਵਾਵਾਂ ਦੇਣ ਦੇ ਨਾਲ ਨਾਲ ਵਾਲੰਟੀਅਰ ਸੇਵਾਵਾਂ ਵੀ ਸ਼ੁਰੂ ਕੀਤੀਆਂ ਹਨ।’’ ਉਨ੍ਹਾਂ ਦੱਸਿਆ, ‘‘ਹੜ੍ਹ ਪ੍ਰਭਾਵਤ ਲੋਕਾਂ ਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਗੁਰਦੁਆਰਾ ਰਕਾਬਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਸੀਸਗੰਜ ਸਾਹਿਬ ਸਥਿਤ ਕਮੇਟੀ ਦਫਤਰਾਂ ਨਾਲ ਸੰਪਰਕ ਕਰ ਸਕਦੇ ਹਨ।

Advertisement
×