ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ.ਬੀ.ਵੀ.ਪੀ.) ਅਤੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐੱਨ.ਐੱਸ.ਯੂ.ਆਈ.) ਨੇ ਵੀਰਵਾਰ ਸ਼ਾਮ ਨੂੰ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੀ.ਯੂ.ਐੱਸ.ਯੂ.) ਚੋਣਾਂ ਲਈ ਆਪਣੇ ਪੈਨਲ ਦਾ ਐਲਾਨ ਕੀਤਾ। ਏ.ਬੀ.ਵੀ.ਪੀ. ਨੇ ਪ੍ਰਧਾਨ ਦੇ ਅਹੁਦੇ ਲਈ ਆਰੀਅਨ ਮਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਲਈ ਗੋਵਿੰਦ ਤੰਵਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਏ.ਬੀ.ਵੀ.ਪੀ. ਨੇ ਸਕੱਤਰ ਦੇ ਅਹੁਦੇ ਲਈ ਕੁਨਾਲ ਚੌਧਰੀ ਅਤੇ ਸੰਯੁਕਤ ਸਕੱਤਰ ਦੇ ਅਹੁਦੇ ਲਈ ਦੀਪਿਕਾ ਝਾਅ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਐੱਨ.ਐੱਸ.ਯੂ.ਆਈ. ਨੇ ਇਸ ਚੋਣ ਵਿੱਚ ਪ੍ਰਧਾਨ ਦੇ ਅਹੁਦੇ ਲਈ ਵਿਦਿਆਰਥਣ ਜੋਸ਼ਲਿਨ ਨੰਦਿਤਾ ਚੌਧਰੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਮੀਤ ਪ੍ਰਧਾਨ ਦੇ ਅਹੁਦੇ ਲਈ ਰਾਹੁਲ ਝਾਂਸਲਾ ਅਤੇ ਸਕੱਤਰ ਦੇ ਅਹੁਦੇ ਲਈ ਕਬੀਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਐੱਨ.ਐੱਸ.ਯੂ.ਆਈ. ਵੱਲੋਂ ਸੰਯੁਕਤ ਸਕੱਤਰ ਦੇ ਅਹੁਦੇ ਲਈ ਲਵ ਕੁਸ਼ ਭੰਡਾਣਾ ਉਮੀਦਵਾਰ ਹੋਣਗੇ। ਵਿਦਿਆਰਥੀ ਸੰਗਠਨ ਦਾ ਕਹਿਣਾ ਹੈ ਕਿ ਇਹ ਵਿਦਿਆਰਥੀ ਰਾਜਨੀਤੀ ਵਿੱਚ ਔਰਤਾਂ ਦੇ ਸਸ਼ਕਤੀਕਰਨ ਵੱਲ ਇੱਕ ਦਲੇਰਾਨਾ ਅਤੇ ਪ੍ਰਗਤੀਸ਼ੀਲ ਕਦਮ ਹੈ। ਐੱਨ.ਐੱਸ.ਯੂ.ਆਈ. ਵੱਲੋਂ ਬੀਤੇ ਸਾਲ ਚੋਣਾਂ ਵਿੱਚ ਏ.ਬੀ.ਵੀ.ਪੀ. ਨੂੰ ਸਖ਼ਤ ਟੱਕਰ ਦਿੱਤੀ ਸੀ। ਹਾਲਾਂਕਿ ਦਿੱਲੀ ਯੂਨੀਵਰਸਿਟੀ ਦੀਆਂ ਚੋਣਾਂ ਉੱਪਰ ਆਰ.ਐੱਸ.ਐੱਸ ਦਾ ਵਿਦਿਆਰਥੀ ਸੰਗਠਨ ਕਾਮਯਾਬ ਹੁੰਦਾ ਆਇਆ ਹੈ। ਇਸ ਵਾਰ ਦਿੱਲੀ ਯੂਨੀਵਰਸਿਟੀ ਅਧਿਆਪਕ ਸੰਘ (ਡੂਟਾ) ਦੀਆਂ ਚੋਣਾਂ ਵਿੱਚ ਵੀ ਅਖਲ ਭਾਰਤੀ ਵਿਦਿਆਰਥੀ ਪਰਿਸ਼ਦ ਪੱਖੀ ਅਧਿਆਪਕਾਂ ਦੀ ਜਿੱਤ ਹੋਈ ਹੈ। ਏ.ਬੀ.ਵੀ.ਪੀ. ਵੱਲੋਂ ਦਿੱਲੀ ਅੰਦਰ ਭਾਜਪਾ ਦੀ ਸੱਤਾ ਵਾਲੀ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਹੋਣ ਦਾ ਲਾਹਾ ਮਿਲਣ ਦੀਆਂ ਸੰਭਾਵਨਾਵਾਂ ਹਨ। ਹਾਲਾਂਕਿ ਕਾਂਗਰਸ ਦੇ ਐੱਨ.ਐੱਸ.ਯੂ.ਆਈ. ਕੋਲ ਵੱਡਾ ਕੇਡਰ ਵਰਗ ਹੈ ਅਤੇ ਉਹ ਹਰ ਕਾਲਜ ਅਤੇ ਹਰ ਖੇਤਰ ਵਿੱਚ ਆਰ.ਐੱਸ.ਐੱਸ ਦੇ ਵਿਦਿਆਰਥੀ ਵਿੰਗ ਨੂੰ ਸਖ਼ਤ ਟੱਕਰ ਬੀਤਿਆ ਸਾਲਾਂ ਦੌਰਾਨ ਦਿੰਦੀ ਆਈ ਹੈ। ਇਸ ਵਾਰ ਐੱਸ.ਐੱਫ.ਆਈ. ਅਤੇ ‘ਆਈਸਾ’ ਦੇ ਗੱਠਜੋੜ ਵੱਲੋਂ ਵੀ ਸ਼ਕਤੀ ਪ੍ਰਦਰਸ਼ਨ ਕੀਤੇ ਜਾਣ ਦੀ ਉਮੀਦ ਹੈ। ਹਾਲਾਂਕਿ ਬੀਤੇ ਸਾਲਾਂ ਦੌਰਾਨ ‘ਇਨੈਲੋ’ ਦੇ ਵਿਦਿਆਰਥੀ ਵਿੰਗ ‘ਇਨਸੋ’ ਵੱਲੋਂ ਵੀ ਭਰਵੀਂ ਹਾਜ਼ਰੀ ਲਗਵਾਈ ਜਾਂਦੀ ਸੀ ਅਤੇ ਅਤੇ ਉਹ ਹਰਿਆਣਾ ਦੇ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਣ ਵਿੱਚ ਸਫਲ ਵੀ ਰਹੀ ਹੈ।