ਕੌਮੀ ਰਾਜਧਾਨੀ ਦਿੱਲੀ ਮੁੜ ਗੈਸ ਦਾ ਚੈਂਬਰ ਬਣੀ
ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ (ਐੱਨ ਸੀ ਆਰ) ਇੱਕ ਵਾਰ ਫਿਰ ‘ਗੈਸ ਚੈਂਬਰ’ ਵਿੱਚ ਤਬਦੀਲ ਹੋ ਗਏ ਹਨ। ਪ੍ਰਦੂਸ਼ਣ ਦਾ ਪੱਧਰ ਖਤਰਨਾਕ ਹੱਦ ਤੱਕ ਵੱਧ ਗਿਆ ਹੈ, ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦਿੱਲੀ ਦੇ ਜ਼ਿਆਦਾਤਰ ਪ੍ਰਮੁੱਖ ਖੇਤਰਾਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ, ਜੋ ਸਿਹਤ ਲਈ ਗੰਭੀਰ ਖਤਰਾ ਹੈ। ਅੱਜ ਸਵੇਰੇ 7 ਵਜੇ ਦਿੱਲੀ ਦਾ ਔਸਤ ਏ ਕਿਊ ਆਈ 312 ਦਰਜ ਕੀਤਾ ਗਿਆ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹਾਲਾਤ ਬਹੁਤ ਗੰਭੀਰ ਸਨ। ਆਨੰਦ ਵਿਹਾਰ ਵਿੱਚ ਏ ਕਿਊ ਆਈ 332, ਚਾਂਦਨੀ ਚੌਕ ਵਿੱਚ 354, ਅਸ਼ੋਕ ਵਿਹਾਰ ਵਿੱਚ 322, ਆਈ ਟੀ ਓ ਵਿੱਚ 337 ਅਤੇ ਅਕਸ਼ਰਧਾਮ ਵਿੱਚ 329 ਦਰਜ ਕੀਤਾ ਗਿਆ। ਉੱਥੇ ਹੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਵੀ ਏ ਕਿਊ ਆਈ 290 ਦਰਜ ਕੀਤਾ ਗਿਆ, ਜੋ ‘ਖਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ।
ਇਸ ਦੌਰਾਨ, ਆਮ ਆਦਮੀ ਪਾਰਟੀ (ਆਪ) ਨੇ ਸਰਕਾਰ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਕਈ ਥਾਵਾਂ ’ਤੇ ਪ੍ਰਦੂਸ਼ਣ ਦੇ ਅੰਕੜੇ ਘੱਟ ਦਿਖਾਉਣ ਲਈ ਜਾਣਬੁੱਝ ਕੇ ਸੈਂਸਰਾਂ ਦੇ ਆਲੇ-ਦੁਆਲੇ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ‘ਆਪ’ ਨੇ ਇਸ ਨੂੰ ਅਸਲ ਅੰਕੜਿਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਦਿੱਲੀ ਦਾ ਹਵਾ ਸੰਕਟ ਹੁਣ ਸਿਰਫ਼ ਇੱਕ ਵਾਤਾਵਰਨ ਦਾ ਮੁੱਦਾ ਨਹੀਂ ਰਿਹਾ, ਸਗੋਂ ਇਹ ਸਰਕਾਰ ਦੀ ਪ੍ਰਸ਼ਾਸਨਿਕ ਜਵਾਬਦੇਹੀ ਦਾ ਵੀ ਸਵਾਲ ਹੈ। ਉਨ੍ਹਾਂ ਕਿਹਾ ਕਿ ਜਨਤਾ ਜ਼ਹਿਰੀਲੀ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹੈ, ਜਦਕਿ ਸਰਕਾਰੀ ਕਾਰਵਾਈ ਸਿਰਫ਼ ਨਾਮਾਤਰ ਹੈ, ਜੋ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ।
ਐੱਨ ਸੀ ਆਰ ’ਚ ਵੀ ਹਾਲਾਤ ਗੰਭੀਰ
ਦਿੱਲੀ ਦੇ ਨਾਲ ਲੱਗਦੇ ਐੱਨ ਸੀ ਆਰ ਖੇਤਰਾਂ ਵਿੱਚ ਵੀ ਪ੍ਰਦੂਸ਼ਣ ਦੀ ਮਾਰ ਜਾਰੀ ਹੈ। ਫਰੀਦਾਬਾਦ (295), ਗੁਰੂਗ੍ਰਾਮ (288), ਗਾਜ਼ੀਆਬਾਦ (296), ਗ੍ਰੇਟਰ ਨੋਇਡਾ (275) ਅਤੇ ਨੋਇਡਾ (289) ਵਿੱਚ ਵੀ ਹਵਾ ਪ੍ਰਦੂਸ਼ਣ ਦਾ ਪੱਧਰ ਬਹੁਤ ਖਰਾਬ ਦਰਜ ਕੀਤਾ ਗਿਆ ਹੈ। ਇਨ੍ਹਾਂ ਸ਼ਹਿਰਾਂ ਵਿੱਚ ਵੀ ਹਵਾ ਇੰਨੀ ਜ਼ਹਿਰੀਲੀ ਹੋ ਚੁੱਕੀ ਹੈ ਕਿ ਲੋਕਾਂ ਨੂੰ ਅੱਖਾਂ ਵਿੱਚ ਜਲਣ ਅਤੇ ਸਾਹ ਲੈਣ ਵਿੱਚ ਤਕਲੀਫ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
